ਆਪ ਸਰਕਾਰ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਣ ‘ਚ ਫੇਲ੍ਹ - ਜਥੇਦਾਰ ਹਵਾਰਾ ਕਮੇਟੀ

ਆਪ ਸਰਕਾਰ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਣ ‘ਚ ਫੇਲ੍ਹ - ਜਥੇਦਾਰ ਹਵਾਰਾ ਕਮੇਟੀ

ਅੰਮ੍ਰਿਤਸਰ:ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਕਿਹਾ ਆਪ ਸਰਕਾਰ ਦੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਹਿਲ ਦੇ ਅਧਾਰ ਤੇ ਪਵਿੱਤਰ ਸ਼ਹਿਰ ਐਲਾਨਿਆ ਜਾਵੇਗਾ ਪਰ ਸਾਡੇ ਤਿੰਨ ਸਾਲ ਬੀਤਣ ਦੇ ਬਾਵਜੂਦ ਹੁਣ ਤੱਕ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਵਿੱਚ ਸਰਕਾਰ ਫੇਲ੍ਹ ਰਹੀ ਹੈ ਜੋ ਪੰਜਾਬ ਦੇ ਵੋਟਰਾਂ ਨਾਲ ਧੋਖਾ ਹੈ ਅਤੇ ਸਿੱਖ ਜਜ਼ਬਾਤਾਂ ਨਾਲ ਖਿਲਵਾੜ ਹੈ।ਦੇਸ਼ ਵਿਦੇਸ਼ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਤਾਬਦੀ ਮਨਾਉਣ ਦੀ ਤਿਆਰੀਆਂ ਹੋ ਰਹੀਆਂ ਹਨ। ਜਿਕਰਯੋਗ ਯੋਗ ਹੈ ਕਿ ਗੁਰੂ ਤੇਗ਼ ਬਹਾਦੁਰ ਸਾਹਿਬ ਦਾ ਪ੍ਰਕਾਸ਼ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ ਅਤੇ ਉਨ੍ਹਾਂ ਨੇ ਹੀ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਵਸਾਇਆ ਸੀ ਜਿਥੇ ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਕੋਲ ਆਪਣਾ ਧਰਮ ਨੂੰ ਬਚਾਉਣ ਦੀ ਫ਼ਰਿਆਦ ਕੀਤੀ ਸੀ। ਮਨੁੱਖੀ ਅਧਿਕਾਰਾਂ ਦੀ ਰਾਖੀ ਪੱਖੋਂ ਗੁਰੂ ਤੇਗ਼ ਬਹਾਦੁਰ ਸਾਹਿਬ ਦਾ ਕੋਈ ਸਾਨੀ ਨਹੀਂ ਹੈ। ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਬੇਅੰਤ ਸਿੰਘ ਭਰਾਤਾ ਜਨਰਲ ਸ਼ਬੇਗ ਸਿੰਘ, ਪੰਜ ਸਿੰਘਾਂ ਚੋ ਸਤਨਾਮ ਸਿੰਘ ਝੰਝੀਆਂ, ਐਡਵੋਕੇਟ ਜਸਬੀਰ ਸਿੰਘ ਜੰਮੂ ਅਤੇ ਰਘਬੀਰ ਸਿੰਘ ਭੁੱਚਰ ਨੇ ਮੰਗ ਕੀਤੀ ਕਿ ਬਿਨਾਂ ਦੇਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨ ਕੇ ਸੂਬੇ ਦੇ ਲੋਕਾਂ ਦੀ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ।

ਹਵਾਰਾ ਕਮੇਟੀ ਨੇ ਕੇਜਰੀਵਾਲ ਤੇ ਦੋਸ਼ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਨੇ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਰੁਕਾਵਟ ਪਾਈ ਜਦਕਿ 2019 ਵਿੱਚ ਗੁਰੂ ਨਾਨਕ ਸਾਹਿਬ ਦੇ 550 ਪ੍ਰਕਾਸ਼ ਪੁਰਬ ਤੇ ਉਨ੍ਹਾਂ ਦੀ ਅਤੇ ਗੁਰਦੀਪ ਸਿੰਘ ਖੈੜਾ ਦੀ ਰਿਹਾਈ ਦਾ ਐਲਾਨ ਹੋਇਆ ਸੀ। ਕੇਂਦਰ ਅਤੇ ਦਿੱਲੀ ਵਿੱਚ ਅੱਜ ਭਾਜਪਾ ਦੀ ਸਰਕਾਰ ਹੈ। ਜੇਕਰ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਗੁਰੂ ਸਾਹਿਬ ਦੀ ਸ਼ਿਖਰ ਦੀ ਕੁਰਬਾਨੀ ਦਾ ਸਤਿਕਾਰ ਸਰਕਾਰਾਂ ਕਰਦੀਆਂ ਹਨ ਤਾਂ ਸਜ਼ਾਵਾਂ ਪੁਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ।

ਆਪ ਦੇ ਚੋਟੀ ਦੇ ਆਗੂ ਦਿੱਲੀ ਤੋਂ ਚੋਣਾਂ ਹਾਰਨ ਦੇ ਬਾਅਦ ਪੰਜਾਬ ਵਿੱਚ ਡੇਰੇ ਲਾਕੇ ਇਸਦੇ ਖਜ਼ਾਨੇ ਤੇ ਵੱਡਾ ਬੋਝ ਬਣ ਗਏ ਹਨ ਜਿਸ ਕਾਰਨ ਪੰਜਾਬ ਦੇ ਲੋਕ ਪਰੇਸ਼ਾਨ ਹਨ।ਪਹਿਲਾਂ ਹੀ ਪੰਜਾਬ 4.17 ਲੱਖ ਕਰੋੜ ਦਾ ਕਰਜ਼ਾ ਲੈ ਕੇ ਦੇਸ਼ ਵਿੱਚ ਕਰਜ਼ਾ ਲੈਣ ਵਾਲੇ ਸੂਬਿਆਂ ਵਿੱਚ ਦੂਜੇ ਨੰਬਰ ਤੇ ਹੈ। ਪੰਜਾਬ ਦਾ ਕਰਜ਼ਾ ਨੌਂ ਫੀਸਦੀ ਨਾਲ ਵਧਿਆ ਹੈ ਜੋ ਖ਼ਤਰੇ ਦੀ ਗੱਲ ਹੈ।


Posted By: 5aab.media