ਬਾਬੇ ਕੇ ਬਾਬਰ ਕੇ ਦੋਊ।।

ਗੁਰਦੇਵ ਦਸਮੇਸ਼ ਪਿਤਾ ਜੀ ਦਾ ਕਥਨ ਹੈ। ਇਕ ਧਿਰ ਰਾਜਨੀਤਿਕ ਹੈ ਤੇ ਦੂਸਰੀ ਧਾਰਮਿਕ। ਦੀਨਸਾਹ ਇਨ ਕੋ ਪਹਿਚਾਨੋ।। ਧਾਰਮਿਕ ਪੁਰਸ਼ ਰੱਬ ਦੀ ਕਚਹਿਰੀ ਦੇ ਸ਼ਾਹ ਨੇ। ਜੋ ਬਾਬੇ ਕੋ ਦਾਮ ਨ ਦੈ ਹੈ।। ਤਿਨ ਤੇ ਗਹਿ ਬਾਬਰ ਕੇ ਲੈ ਹੈ।। ਜਿਹੜੇ ਲੋਕ ਇਹਨਾਂ ਧਰਮ ਦੇ ਕਰਮ ਕਰਨ ਵਾਲਿਆਂ ਨੂੰ ਦਾਨ ਨਹੀਂ ਦੇਣਗੇ ਉਹਨਾਂ ਕੋਲੋਂ ਰਾਜਨਿਤਿਕ ਟੈਕਸਾਂ ਦੇ ਰੂਪ ਵਿਚ ਖੋਹ ਕੇ ਲੈ ਜਾਣਗੇ ਤੇ ਫਿਰ ਬਦਲੇ ਵਿਚ ਭਲਾ ਤੇ ਕੀ ਕਰਨਾ। ਸਗੋਂ ਇਹਨਾਂ ਦੇ ਪੈਸਿਆਂ ਨਾਲ ਹੀ ਇਹਨਾਂ ਤੇ ਜੁਲਮ ਕਰਨਗੇ।

ਗੁਰਬਾਣੀ ਗੁਰੂ ਅੰਦਰ ਸਾਹਿਬ ਫੁਰਮਾਉਂਦੇ ਨੇ ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ।। ਜਿਹੜਾ ਜੀਵ ਸੰਤਾਂ ਦੀ ਸਰਣ ਵਿਚ ਆ ਜਾਂਦਾ ਉਸ ਦਾ ਪਾਰ ਉਤਾਰਾ ਹੋ ਜਾਂਦਾ ਇਥੇ ਕੀਤੀ ਕਿਰਤ ਵੀ ਸਫਲ ਹੋ ਜਾਂਦੀ ਤੇ ਪਰਲੋਕ ਵਿਚ ਵੀ ਸੋਭਾ ਮਿਲਦੀ। ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ।। ਮਾਇਆ ਦੇ ਹੰਕਾਰ ਨਾਲ ਮਨੁੱਖ ਦਵੈਤ ਭਾਵ ਨਾਲ ਜੁੜ ਜਾਂਦਾ ਹੈ। ਫਿਰ ਉਸਨੂੰ ਆਪਣੀ ਸੁਧ ਬੁੱਧ ਵੀ ਨਹੀਂ ਰਹਿੰਦੀ।

ਜਦੋਂ ਮੈਂ ਵਿਦੇਸ਼ ਦੀ ਧਰਤੀ ਤੇ ਆਇਆ। ਇਥੇ ਆ ਕੇ ਦੇਖਿਆ ਜਿਆਦਾਤਰ ਲੋਕ ਦੋ ਸਭਿਆਤਾਵਾਂ ਦੇ ਵਿਚ ਫਸ ਚੁੱਕੇ ਹਨ। ਇਕ ਉਹ ਜੋ ਇਥੇ ਰਹਿ ਕੇ ਵੀ ਸਾਰਾ ਦਿਨ ਪੰਜਾਬ ਵਿਚ ਮਾਣੇ ਪਲਾਂ ਨੂੰ ਯਾਦ ਕਰਦੇ ਕਰਦੇ ਪਛਤਾਵਾ ਕਰੀ ਜਾਂਦੇ ਤੇ ਦੂਜੇ ਉਹ ਜਿਹੜੇ ਪੰਜਾਬ ਵਿਚਲੀਆਂ ਖਾਮੀਆਂ ਨੂੰ ਦਰਸਾ ਦਰਸਾ ਕੇ ਇਥੋਂ ਦੇ ਹੋਣ ਦਾ ਨਾਟਕ ਕਰਦੇ। ਅਸਲ ਵਿਚ ਇਹ ਦੋਵੇਂ ਹੀ ਜਿੰਦਗੀ ਜਿਉਣੀ ਭੁੱਲ ਗਏ। ਪਛਤਾਵੇ ਵਾਲੇ ਬਿਨਾਂ ਪਰਖ ਕੀਤੇ ਕਿਰਤ ਕਮਾਈ ਵਿਚਲਾ ਕੁਝ ਹਿੱਸਾ। ਪੰਜਾਬ ਦੀ ਬਿਹਤਰੀ ਲਈ ਪੰਜਾਬ ਬੈਠੇ ਲੁਟੇਰਿਆਂ ਨੂੰ ਫੜਾਈ ਜਾਂਦੇ ਤੇ ਉਹ ਲੋਕ ਐਨ,ਜੀ,ਓ ਦੇ ਨਾਵਾਂ ਤੇ ਵਿਦੇਸ਼ਾਂ ਵਿਚੋਂ ਆਉਂਦੇ ਪੈਸੇ ਤੇ ਮੌਜਾਂ ਮਾਣਦੇ ਫਿਰਦੇ। ਤੇ ਦੂਜੇ ਪਾਸੇ ਆਪੂੰ ਬਣੇ ਅੰਗਰੇਜ ਦਾਨ ਦੇਣੇ ਵੇਲੇ ਆਖਦੇ ਖਾਸ ਕਰਕੇ ਜਦੋਂ ਸਾਧੂਆਂ ਸੰਤਾਂ ਨੂੰ ਦੇਣਾ ਹੋਵੇ ਤਾਂ ਇਹਨਾਂ ਦਾ ਕਹਿਣਾ ਹੁੰਦਾ ਇਹ ਬਾਬਿਆਂ ਦੇ ਨਜਾਰੇ ਵਿਹਲੇ ਬੈਠੇ ਖਾਈ ਜਾਂਦੇ ਜੇ ਇਹਨਾਂ ਕੋਲੋਂ ਕਿਤੇ ਇਕ ਦਿਹਾੜੀ ਇਥੇ ਭਾਂਡੇ ਮੰਜਵਾਏ ਹੋਣ ਤਾਂ ਲੱਗ ਪਤਾ ਜਾਵੇ। ਤੇ ਹੱਸ ਠੱਠਾ ਕਰਦੇ ਇਹ ਆਪਣੀ ਗੰਦੀ ਜਿੰਦਗੀ ਦਾ ਆਨੰਦ ਸ਼ਰਾਬ ਦੀ ਬੋਤਲ ਪੀ ਕੇ ਲੈਂਦੇ। ਹੁਣ ਭਾਈ ਜੇ ਤੂੰ ਸਾਰਾ ਦਿਨ ਭਾਂਡੇ ਮਾਂਜਣ ਤੋਂ ਬਾਅਦ ਅੱਧੇ ਪੈਸਿਆਂ ਦੀ ਬੋਤਲ ਪੀ ਕੇ ਹੀ ਨੀਂਦ ਹਾਸਿਲ ਕਰਦਾਂ ਤਾਂ ਤੇਰੇ ਤੋਂ ਤਾਂ ਫਿਰ ਪਾਖੰਡੀ ਬਾਬਾ ਵੀ ਲੱਖਾਂ ਦਰਜੇ ਚੰਗਾ। ਬਿਨਾਂ ਕੁਝ ਕੀਤੇ ਅਰਾਮ ਤੇ ਪਾ ਰਿਹਾ। ਫਿਰ ਤੇ ਤੇਰੀ ਕਮਾਈ ਸਗੋਂ ਕਿਸੇ ਕੰਮ ਹੀ ਨਹੀਂ ਆ ਰਹੀ ਬਲਕਿ ਇਹ ਤੇ ਤੇਰੇ ਸਰੀਰ ਨੂੰ ਵੀ ਅੰਦਰੋਂ ਗਾਲ ਰਹੀ ਹੈ।

ਇਹਨਾਂ ਦੋਵਾਂ ਬਿਰਤੀਆਂ ਤੋਂ ਬਾਅਦ ਬਹੁਤ ਹੀ ਘੱਟ ਮਾਤਰਾ ਵਿਚ ਲੋਕ ਰਹਿੰਦੇ ਜਿਹਨਾਂ ਦੀ ਉਦਾਹਰਣ ਹੈ ਜਰਮਨੀ ਦੇ ਸ਼ਹਿਰ ਵੂਰਸਬੁਰਗ (ਜਰਮਨ ਦੇ ਦੱਖਣ) ਵਿਚ ਵਸਦੇ ਸ਼ਹਿਰ ਦਾ ਵੀਰ ਨਵਦੀਪ ਸਿੰਘ ਹੀ ਉਹ ਸ਼ਖਸ ਹੈ ਜਿਸਨੇ ਬਾਈ ਦੀਪ ਸਿੱਧੂ ਦੀ ਪਹਿਲੀ ਬਰਸੀ ਜਰਮਨ ਵਿਚ ਮਨਾਈ ਸੀ। ਸਾਦਾ ਜਿਹਾ ਬੰਦਾ ਕਿਰਤ ਕਰਦਾ ਗੋਰਿਆਂ ਵਾਂਗ ਕੋਈ ਵਲ ਵਲਿੰਗ ਨਹੀਂ ਪਰ ਉਥੇ ਹੀ ਜਦੋਂ ਕੀਤੀ ਕਮਾਈ ਨੂੰ ਸਫਲੀ ਕਰਨ ਦਾ ਸਮਾਂ ਆਉਂਦਾ ਤਾਂ ਹਮੇਸ਼ਾ ਬਾਬੇ ਕਿਆਂ ਨੂੰ ਲਿਆ ਆਪਣਾ ਦਸਵੰਧ ਫੜਾ ਦਿੰਦਾ। ਪਿਛਲੇ ਦਿਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਪੁਰਬ ਤੇ ਸੋਨੇ ਦੀ ਚੇਨ ਬਣਾ ਗੁਰੂ ਕੇ ਵਜੀਰ ਦੇ ਸਪੁਰਦ ਕਰਕੇ ਕਹਿੰਦਾ ਬਾਬਾ ਜੀ ਤੁਸੀਂ ਸਾਡੇ ਲਈ 24 ਘੰਟੇ ਗੁਰੂ ਘਰ ਵਿਚ ਰਹਿਨੇ ਹੋ ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਸ ਨੇ ਆਪਣਾ ਜੋਦੜੀ ਪਾਤਸ਼ਾਹ ਦੇ ਚਰਨਾਂ ਵਿਚ ਲੈ ਕੇ ਆ ਜਾਣਾ। ਨਾ ਤੁਸੀਂ ਕੋਈ ਬਾਹਰ ਕੰਮ ਕਰਦੇ ਸੰਗਤ ਦਾ ਜਿਤਨਾ ਜੀਅ ਕਰਦਾ ਤੁਹਾਨੂੰ ਤਨਖਾਹ ਦੇ ਜਾਂਦੀ। ਵੈਸੇ ਤਾਂ ਜਰਮਨ ਵਿਚ ਹੁਣ ਘੱਟੋ ਘੱਟੋ ਤਨਖਾਹ ਵੀ 14.90 ਯੂਰੋ ਹੋ ਗਈ ਤੇ ਜੇ ਤੁਹਾਡਾ 3 ਘੰਟੇ ਸਵੇਰੇ 2 ਸ਼ਾਮ ਤੇ ਐਤਵਾਰ ਤੇ ਦਿਨ ਦਿਹੜੇ ਤੇ ਪੂਰਾ ਦਿਨ ਹੀ ਲੱਗ ਜਾਂਦਾ ਨਾਲੇ ਉਸ ਦਿਨ ਤਨਖਾਹ ਵੀ ਦੁਣੀ ਮਿਲਦੀ ਮੋਟਾ ਜਿਹਾ ਹਿਸਾਬ ਵੀ ਲਾ ਲਈਏ ਤਾਂ 40 ਘੰਟੇ ਤੋਂ ਜਿਆਦਾ ਹੀ ਕੰਮ ਕਰਦੇ ਹੋ ਤੁਸੀਂ। ਨਾਲੇ ਤੁਸੀਂ ਤੇ ਆਉਂਦੇ ਵੀ ਸਕਿਲਡ ਵਰਕਰ ਦੀ ਕੈਟਗਰੀ ਵਿਚ ਜਿਥੇ ਤਨਖਾਹ ਕਈ ਗੁਣਾ ਜਿਆਦਾ। ਘੱਟੋ ਘੱਟ ਤਨਖਾਹ ਵੀ ਦੇਖੀਏ ਤਾਂ 2500 ਯੂਰੋ ਇਕ ਗਰੰਥੀ ਸਿੰਘ ਦੀ ਤਨਖਾਹ ਹੋਣੀ ਚਾਹੀਦੀ। ਪਰ ਜਿਆਦਾਤਰ ਗੁਰਦੁਆਰਿਆਂ ਚ ਆਮ 700 ਤੋਂ 1000 ਕੁ ਯੂਰੋ ਹੀ ਦਿੱਤਾ ਜਾਂਦਾ ਤੇ ਜੇ ਕੋਈ ਗੁਰਦੁਆਰਾ ਬਹੁਤ ਵੱਡਾ ਜਿਥੇ ਸੰਗਤ ਦੀ ਗਿਣਤੀ ਚਾਰ,ਪੰਜ ਸੌ ਦੇ ਕਰੀਬ ਹੈ ਉਥੇ ਤਨਖਾਹ 1500 2000 ਦੇ ਦਿੱਤੀ ਜਾਂਦੀ।

ਇਹ ਤੇ ਗਰੰਥੀ ਸਿੰਘਾਂ ਨੂੰ ਚਾਰ ਦਰਜੇ ਦੇ ਅਧਿਕਾਰੀ ਤੋਂ ਵੀ ਹੇਠਾਂ ਸੁੱਟ ਦਿੱਤਾ ਜਾਂਦਾ ਤੇ ਫਿਰ ਕਿਹਾ ਜਾਂਦਾ ਇਹ ਸਾਡੇ ਗੁਰੂ ਕੇ ਵਜੀਰ ਨੇ। ਨਵੀ ਕਹਿੰਦਾ ਬਾਬਾ ਜੀ ਮੈਂ ਚਾਹੁੰਨਾ ਕਿ ਜਿਆਦਾ ਨਹੀਂ ਤਾਂ ਘੱਟੋ ਘੱਟ ਗੁਰੂ ਕੇ ਵਜੀਰਾਂ ਨੂੰ ਤਨਖਾਹ ਹੀ ਵਜੀਰੀ ਦੀ ਦੇ ਦਿਆ ਕਰੀਏ ਮੰਗਤੇ ਬਣਾ ਕੇ ਰੱਖ ਛੱਡੇ ਅਸਾਂ ਗੁਰੂ ਕੇ ਵਜੀਰ। ਜਿਆਦਾਤਰ ਗੁਰਦੁਆਰਾ ਕਮੇਟੀਆਂ ਨੇ ਕਈ ਲੱਖਾਂ ਯੂਰੋ ਅਦਾਲਤਾਂ ਤੇ ਵਕੀਲਾਂ ਨੂੰ ਦਿੱਤੇ ਨੇ ਆਪਣੀ ਝਗੜਿਆ ਦੇ ਚਲਦੇ ਸਿਰਫ ਪ੍ਰਧਾਨਗੀ ਲੈਣ ਲਈ। ਤੇ ਗੁਰੂ ਕੇ ਵਜੀਰ ਨੂੰ ਕਹਿਣਗੇ ਬਾਬਾ ਤੂੰ ਕਿਹੜਾ ਕੁਝ ਕਰਦਾਂ ਹੈ। ਅਰਾਮ ਨਾਲ ਸਵੇਰ ਤੋਂ ਚਿੱਟੇ ਕੱਪੜੇ ਪਾ ਕੇ ਸੱਜ ਧੱਜ ਕੇ ਬੈਠ ਜਾਨਾ ਫ੍ਰੀ ਦੇ ਪੈਸੇ ਆਉਂਦੇ ਤੈਨੂੰ। ਇਹ ਜਿਹੜੇ ਇਤਨਾ ਗਿਆਨ ਵੰਡ ਰਹੇ ਹੁੰਦੇ ਆਪ ਇਹਨਾਂ ਨੂੰ ਜਪੁਜੀ ਸਾਹਿਬ ਨਹੀਂ ਪੜਨਾ ਆਉਂਦਾ ਤੇ ਇਹ ਵੀ ਨਹੀਂ ਪਤਾ ਵਾਜੇ ਦੀਆਂ ਸੁਰਾਂ ਸ਼ੁਰੂ ਕਿਧਰੋਂ ਹੋ ਖਤਮ ਕਿਹੜੇ ਪਾਸੇ ਨੂੰ ਹੁੰਦੀਆਂ ਤੇ ਗਿਆਨ ਗੁਰੂ ਕੇ ਵਜੀਰਾਂ ਨੂੰ ਦੇ ਰਹੇ ਹੁੰਦੇ।

ਜਦੋਂ ਨਵਦੀਪ ਵੀਰ ਨੇ ਗੁਰੂ ਕੇ ਵਜੀਰ ਨੂੰ ਸੋਨੇ ਦੀ ਚੇਨ ਨਾਲ ਸਨਮਾਨਿਤ ਕੀਤਾ ਤਾਂ ਮੇਰੇ ਕੋਲੋਂ ਰਿਹਾ ਨਹੀਂ ਗਿਆ ਲਿਖਣ ਲਈ। ਘੱਟੋ ਘੱਟ ਇਹ ਗੱਲ ਕਮੇਟੀਆਂ ਦੇ ਪ੍ਰਧਾਨਾ ਤੀਕ ਪਹੁੰਚ ਜਾਏ ਤੇ ਉਹ ਵੀ ਗਰੰਥੀ ਸਿੰਘਾਂ ਨੂੰ ਗੁਰੂ ਕੇ ਵਜੀਰ ਸਮਝਣ ਤੇ ਵਜੀਰ ਨੂੰ ਫਿਰ ਤਨਖਾਹ ਤੇ ਭੱਤੇ ਵੀ ਵਜੀਰ ਵਾਲੇ ਹੀ ਮਿਲਣੇ ਚਾਹੀਦੇ ਨੇ। ਪੰਜ, ਸੱਤ ਸੌ ਯੂਰੋ ਤੇ ਇਥੇ ਲੋਕ 30 ਘੰਟੇ ਮਹੀਨੇ ਦਾ ਕੰਮ ਕਰਕੇ ਕਮਾ ਲੈਂਦੇ ਤੇ ਅਸੀਂ 30 ਦਿਨ 24 ਘੰਟੇ ਗੁਰੂ ਕੀ ਵਜੀਰਾਂ ਦੀ ਕਰੜੀ ਘਾਲਣਾ ਦਾ ਮੁਲ ਇਹ ਪਾ ਰਹੇ ਹਾਂ। ਕਿਸੇ ਵੀ ਅਦਾਰੇ ਨੂੰ ਦਾਨ ਦੇਣ ਤੋਂ ਪਹਿਲਾਂ ਸਿਰਫ ਇਤਨਾ ਦੇਖਣਾ ਜਰੂਰੀ ਕਿ ਤੁਹਾਡੇ ਗਵਾਂਢੀ ਦੇ ਘਰ ਰਾਸ਼ਣ ਹੈ, ਉਸਦੇ ਬੱਚੇ ਵਿਦਿਆ ਲੈ ਰਹੇ ਨੇ, ਬਿਮਾਰਾਂ ਨੂੰ ਦਵਾ ਦਾਰੂ ਮਿਲ ਰਿਹਾ। ਤੇ ਫਿਰ ਤੁਹਾਡੇ ਲਾਗਲੇ ਗੁਰੂ ਘਰ ਦਾ ਗ੍ਰੰਥੀ ਸਿੰਘ ਵਾਕਿਆ ਹੀ ਵਜੀਰਾਂ ਵਾਂਗ ਫਿਰਦਾ ਕਿ ਭਿਖਾਰੀ ਬਣ ਕੇ ਘਰ ਘਰ ਦੁੱਧ ਦਾ ਗਿਲਾਸ ਕੱਠਾ ਕਰਦਾ ਫਿਰਦਾ। ਜੇ ਇਹ ਸਭ ਕੁਝ ਸਹੀ ਹੈ ਤਾਂ ਦਾਨ ਕਿਸੇ ਹੋਰ ਪਾਸੇ ਦਿੱਤਿਆਂ ਫਲੇਗਾ ਵਰਨਾ। ਉਹ ਦਾਨ ਦਿਖਾਵਾ ਹੈ।

ਸਤਿ ਕਰਤਾਰ

ਮਨਜੀਤ ਸਿੰਘ ਭੋਗਲ


Posted By: 5aab.media