ਉਬਲਦੀਆਂ ਦੇਗਾਂ ਵਿੱਚ ਬੈਠਣ ਵਾਲੇ ਸਿਦਕੀ ਭਾਈ ਦਿਆਲਾ ਜੀ
- ਸੰਤ ਸਿਪਾਹੀ
- 20 Oct,2025
ਧੰਨ ਧੰਨ ਦਯਾਲ ਦਾਸ ਜੱਸ ਤਉ ਕਾ
ਰਿਧ ਚੁਗੱਤੇ ਦੇਗੇ ਭੀਤਰ ਧਰਿਆ
(ਭੱਟ ਵਹੀ)
ਭਾਈ ਦਿਆਲਾ ਦਾਸ ਜੀ ਦਾ ਜਨਮ ਬਾਬਾ ਮਾਈਦਾਸ ਜੀ ਦੇ ਘਰ ਮਾਤਾ ਮਾਧੁਰੀ ਜੀ ਦੀ ਕੁੱਖੋਂ ਪਿੰਡ ਅਲੀਪੁਰ ਜਿਲਾ ਮੁਜ਼ੱਫਰਗੜ ਵਿਖੇ ਹੋਇਆ ।ਆਪ ਜੀ ਦੇ ਹੋਰ 11 ਭਰਾ ਸਨ, ਜਿਨ੍ਹਾਂ ਵਿਚੋਂ ਕੇਵਲ ਭਰਾ ਸ੍ਰੀ ਅਮਰ ਚੰਦ ਨੂੰ ਛੱਡ ਕੇ ਬਾਕੀ ਸਾਰੇ ਨੇ ਸਿੱਖ ਧਰਮ ਲਈ ਸ਼ਹਾਦਤਾਂ ਦਿੱਤੀਆਂ। ਆਪ ਨਾਮ-ਬਾਣੀ ਦੇ ਰਸੀਏ, ਪੱਕੇ ਇਰਾਦੇ ਵਾਲੇ ਗੁਰਸਿੱਖ, ਨੇਕ ਤੇ ਇਮਾਨਦਾਰੀ ਨਾਲ ਕਿਰਤ ਕਮਾਉਣ ਵਾਲੇ ਮਹਾਂਪੁਰਸ਼ ਸਨ।
ਆਪ ਜੀ ਦਾ ਜੀਵਨ ਗੁਰੂ-ਘਰ ਦੀ ਸੇਵਾ ਸਿਮਰਨ ਨਾਲ ਭਰਪੂਰ ਸੀ ਅਤੇ ਆਪ ਜੀ ਸਿੱਖੀ-ਸਿਦਕ ਵਿੱਚ ਨਿਪੁੰਨ ਸਨ ! ਧੰਨ ਧੰਨ ਸਾਹਿਬ "ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ " ਦੁਆਰਾ ਕਸ਼ਮੀਰੀ ਪੰਡਿਤਾਂ ਦੇ ਓਹਨਾਂ ਉੱਤੇ ਔਰੰਗਜੇਬ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਨੂੰ ਠਲ੍ਹ ਪਾਉਣ ਖਾਤਿਰ ਕੀਤੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਦਿੱਲੀ ਵੱਲ ਕੂਚ ਕਰਨ ਦੇ ਫੈਸਲੇ ਨੂੰ ਮਨਦੇ ਹੋਏ । ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ ਨਾਲ "ਭਾਈ ਦਿਆਲਾ ਜੀ" ਵੀ ਰਵਾਨਾ ਹੋਏ।
ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਪੰਜ ਸਿੱਖਾਂ ਸਮੇਤ ਦਿੱਲੀ ਦੇ ਕੈਦਖਾਨੇ ਵਿੱਚ ਕੈਦ ਕਰ ਦਿੱਤਾ ਗਿਆ। ਔਰੰਗਜ਼ੇਬ ਦੁਆਰਾ ਗੁਰੂ ਸਾਹਿਬ ਨੂੰ ਧਰਮ ਪਰਿਵਰਤਨ ਕਰਨ ਜਾਂ ਮੌਤ ਕਬੂਲਣ ਦੇ ਵਿੱਚੋਂ ਇੱਕ ਨੂੰ ਚੁਣਨ ਬਾਬਤ ਕਿਹਾ ਗਿਆ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਫੁਰਮਾਇਆ
‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ’ -
ਭਾਵ ਅਸੀਂ ਕਿਸੇ ਨੂੰ ਭੈ ਦਿੰਦੇ ਨਹੀਂ ਤੇ ਨਾ ਹੀ ਕਿਸੇ ਦਾ ਭੈ ਮੰਨਣ ਲਈ ਤਿਆਰ ਹਾਂ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੁਆਰਾ ਧਰਮ ਪਰਿਵਰਤਨ ਦੀ ਇਨਕਾਰੀ ਤੋਂ ਬਾਅਦ ਔਰੰਗਜ਼ੇਬ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ੍ਹ ਗਿਆ। ਰਹਿੰਦੀ ਕਸਰ ਉਸ ਦੇ ਕੱਟੜ ਕਾਜ਼ੀਆਂ ਤੇ ਜ਼ਾਲਮ ਦਰਬਾਰੀਆਂ ਦੁਆਰਾ ਉਸ ਨੂੰ ਚੁੱਕਣਾ ਦੇ ਕੇ ਪੂਰੀ ਕਰ ਦਿੱਤੀ ਗਈ। ਸੱਤਾ ਦੇ ਨਸ਼ੇ ਵਿੱਚ ਅੰਨਾ ਹੋਇਆ ਔਰੰਗਜ਼ੇਬ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਦੇ ਸਬਰ ਦਾ ਇਮਤਿਹਾਨ ਜਬਰ ਤੇ ਜ਼ੁਲਮ ਨਾਲ ਲੈਣਾ ਚਾਹੁੰਦਾ ਸੀ।ਮੁਗ਼ਲ ਹਾਕਮ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਡਰ, ਭੈ ਜਾਂ ਲਾਲਚ ਦੇ ਕੇ ਗੁਰੂ ਜੀ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਇਸਲਾਮ ਦੇ ਦਾਇਰੇ ਵਿਚ ਲੈ ਆਈਏ ਪਰ ਜਦੋਂ ਉਹਨਾਂ ਦੀ ਹਰ ਕੋਸ਼ਿਸ਼ ਨਾਕਾਮ ਹੋ ਗਈ ਤਾਂ ਉਹਨਾਂ ਨੇ ਜ਼ਬਰ ਜ਼ੁਲਮ ਦੀ ਇੰਤਿਹਾ ਕਰ ਦਿੱਤੀ। ਔਰੰਗਜ਼ੇਬ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਪ੍ਰਭਾਵਿਤ ਕਰਨ ਲਈ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚਰਵਾ ਦਿੱਤਾ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਨਾਲ ਬੰਨ੍ਹ ਕੇ ਸੜਵਾ ਦਿੱਤਾ।
ਇਨ੍ਹਾਂ ਜਬਰ ਤੇ ਜ਼ੁਲਮ ਹੁੰਦਾ ਵੇਖ ਕੇ ਲੋਕਾਂ ਨੇ ਗੁਰੂ ਸਾਹਿਬ ਦੇ ਅਸੂਲਾਂ ਨੂੰ ਝੁੱਕ ਸਿਜਦੇ ਕੀਤੇ। ਆਪਣੀਆਂ ਕੋਝੀਆਂ ਤੇ ਜ਼ਾਲਮ ਚਾਲਾਂ ਵਿੱਚ ਅਸਫਲ ਹੁੰਦੇ ਵੇਖ ਕੇ ਔਰੰਗਜ਼ੇਬ ਨੇ ਆਪਣੇ ਕਾਜ਼ੀਆਂ ਨੂੰ ਫ਼ਤਵਾ ਜਾਰੀ ਕੀਤਾ ਕਿ ਭਾਈ ਦਿਆਲਾ ਨੂੰ ਦੇਗ਼ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਾਵੇ।
ਔਰੰਗਜੇਬ ਦਿਆਲੇ ਨੂੰ ਆਖਦਾ ਤੇਰੇ ਨਫੇ ਦੀ ਬਾਤ ਸੁਣਾ ਦੇਵਾਂ ।
ਛੱਡ ਕੁਫਰ ਤੋ ਦੀਨ ਕਬੂਲ ਕਰ ਲੈਂ , ਤੂੰ ਨੇਕੀ ਦੀ ਗਲ ਸਮਝਾ ਦੇਵਾਂ ।
ਫਤਵਾ ਸ਼ਰੂ ਦਾ ਮੌਤ ਸਜ਼ਾ , ਪਰ ਜੋ , ਪੜੇ ਕਲਮਾ ਤਾਂ ਤੈਨੂੰ ਬਚਾ ਦੇਵਾਂ ।
ਸਿੱਖੀ ਵਿੱਚੋਂ ਕੀ ਖਟਣਾ ਸੌਚ ਤਾਂ ਸਹੀ , ਸਚੇ ਦੀਨ ਦੀ ਸਾਂਝੀ ਬਣਾ ਦੋਵਾਂ ।
ਭਾਈ ਦਿਆਲਾ ਜੀ : ਅੱਗੇ ਕਿਹਾਂ ਦਿਆਲ ਨੇ ਸੁਈਂ ਸ਼ਾਹਾ , ਜਿੰਦ ਸਿਖੀ ਤੋਂ ਘੋਲ ਘੁਮਾਵਾਂਗਾ ਮੈਂ ।
ਰੋਮ - ਰੋਮ ਅੰਦਰ ਗੁਰੂ ਨਾਨਕ ਰਚਿਆ , ਡਰ ਕੇ ਮੌਤ ਤੋਂ ਨਹੀਂ ਘਬਰਾਵਾਂਗਾ ਮੈਂ ।
ਮੈਨੂੰ ਦੀਨ ਇਸਲਾਮ ਮਨਜੂਰ ਨਹੀਂ , ਨਾਨਾਕ ਗੁਰੂ ਸਿੱਖ ਸਦਾਵਾਂਗਾ ਮੈਂ ।
ਤੇਰੇ ਫਤਵੇ ਦਾ ਖੋਵ ਨਾ ਮੂਲ ਮੈਨੂੰ ,
ਸੀਸ ਸਿਖੀ ਦੇ ਨਾਮ ਤੇ ਲਾਵਾਂਗਾ ਮੈਂ ।।
ਭਾਈ ਦਿਆਲਾ ਜੀ ਨੂੰ ਜੇਲ੍ਹ ਦੀ ਕੋਠੜੀ ਚੋਂ ਬਾਹਰ ਕੱਢ ਕੇ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਅਸਥਾਨ ਤੇ ਲਿਜਾਇਆ ਗਿਆ। ਉੱਥੇ ਇੱਕ ਵੱਡੀ ਤੇ ਭਾਰੀ ਦੇਗ਼ ਨੂੰ ਪਾਣੀ ਨਾਲ ਭਰ ਕੇ ਹੇਠਾਂ ਅੱਗ ਮਚਾ ਕੇ ਉਬਾਲਿਆ ਗਿਆ। ਜਦੋਂ ਪਾਣੀ ਉਬਲਣ ਲੱਗ ਪਿਆ ਤਾਂ ਭਾਈ ਦਿਆਲਾ ਜੀ ਨੂੰ ਵਿੱਚ ਬਿਠਾ ਦਿੱਤਾ ਗਿਆ। ਭਾਈ ਦਿਆਲਾ ਜੀ ਨੇ ਉਬਲਦੇ ਪਾਣੀ ਵਿੱਚ ਸਮਾਧੀ ਲਾ ਲਈ ਅਤੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਆਰੰਭ ਕਰ ਦਿੱਤੇ। ਜਲਦੀ ਹੀ ਭਾਈ ਦਿਆਲਾ ਜੀ ਦਾ ਮਾਸ ਗਲ਼ਣ ਲੱਗ ਪਿਆ ਅਤੇ ਅੰਗ ਵੱਖਰੇ ਵੱਖਰੇ ਹੋਣ ਲੱਗ ਪਏ। ਵੇਖਣ ਵਾਲੇ ਜ਼ਾਲਮ ਇਹ ਕੌਤਕ ਵੇਖ ਕੇ ਸਿੱਖਾਂ ਦੀ ਦ੍ਰਿੜਤਾ ਅਤੇ ਗੁਰੂ ਘਰ ਵਿੱਚ ਵਿਸ਼ਵਾਸ ਤੱਕ ਕੇ ਕੰਬ ਉੱਠੇ। ਕੁਝ ਸਮੇਂ ਦੇ ਅੰਤਰਾਲ ਤੋਂ ਬਾਅਦ ਭਾਈ ਸਾਹਿਬ ਦਾ ਸਰੀਰ ਗੱਲ ਗਿਆ ਤੇ ਭਾਈ ਸਾਹਿਬ ਸ਼ਹਾਦਤ ਦਾ ਜਾਮ ਪੀ ਗਏ। ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ।।
ਭੁੱਲ ਚੁੱਕ ਦੀ ਖਿਮਾ
ਦਾਸ ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ , ਪੰਜਾਬ
Posted By:
5aab.media