ਅਜੇ ਵੀ ਮੌਕਾ ਆਪਣੀ ਵਿਰਾਸਤ ਸਾਂਭ ਲਈਏ

ਅਜੇ ਵੀ ਮੌਕਾ ਆਪਣੀ ਵਿਰਾਸਤ ਸਾਂਭ ਲਈਏ

ਸ. ਗੁਰਚਰਨ ਜੀਤ ਸਿੰਘ ਲਾਂਬਾ ਜੀ ਨੇ ਤਸਵੀਰ ਭੇਜੀ ਜੋ ਕਿ ਢਠੇ ਅਕਾਲ ਤਖਤ ਸਾਹਿਬ ਜੀ ਦਾ ਇਕ ਟੁਕੜਾ ਹੈ। ਸ. ਲਾਂਬਾ ਜੀ ਦੂਰ ਅੰਦੇਸ਼ੀ ਸੋਚ ਫਰੇਮ ਚ ਮੜ੍ਹਾ ਕਿ ਘਰੇ ਸਾਂਭ ਕੇ ਰੱਖ ਲਿਆ, ਆਉਣ ਵਾਲੀਆਂ ਨਸਲਾਂ ਜਦ ਇਸ ਟੁਕੜੇ ਨੂੰ ਦੇਖਣਗੀਆਂ ਤੇ ਉਹ ਦਰਦ ਮਹਿਸੂਸ ਕਰ ਸਕਣਗੀਆਂ ਜੋ ਅਜ ਅਸੀਂ ਕਰ ਰਹੇ ਹਾਂ ਬੇਸ਼ੱਕ ਮੈਂ ਤੇ ਜਨਮਿਆ ਈ ਦਹਾਕਾ ਬਾਅਦ ਚ ਆਂ ਪਰ ਸਾਡੇ ਵਡੇਰੇ ਜਦੋਂ ਬਾਤਾਂ ਸੁਣਾਉਂਦੇ ਤਾਂ ਐਨ ਉਹ ਦ੍ਰਿਸ਼ ਸਾਹਮਣੇ ਆ ਜਾਂਦਾ ਕਿਉਂ ਜੁ ਮੇਰੇ ਦਾਦੇ, ਪਿਤਾ, ਚਾਚੇ, ਮਾਪਿਆਂ ਉਹ ਦਰਦ ਆਪਣੇ ਪਿੰਡੇ ਤੇ ਹੰਢਾਇਆ ਪਰ ਆਉਣ ਵਾਲੇ ੧੦੦ ਕੁ ਸਾਲ ਬਾਅਦ ਉਹ ਦਰਦ ਵਾਲਾ ਸਰੀਰ ਇਸ ਜਗਤ ਤੇ ਕੋਈ ਨਹੀਂ ਹੋਣਾ ਫਿਰ ਸਿਰਫ ਕਿਤਾਬਾਂ ਚ ਉਹ ਅਹਿਸਾਸ ਰਹਿ ਜਾਣਾ। ਕਿਤਾਬਾਂ ਚੋਂ ਅਹਿਸਾਸ ਭਾਲਣਾ ਹਰੇਕ ਦੇ ਹਿੱਸੇ ਨਹੀਂ ਆਇਆ, ਦੂਜੇ ਪਾਸੇ ਆਧੂਨਿਕਤਾ ਦੇ ਯੁੱਗ ਅੰਦਰ ਜਦੋਂ chat gpt, ਅਤੇ google ਦਾ ਦੌਰ ਹੈ ਕਿਤਾਬਾਂ ਅੰਦਰ ਅਹਿਸਾਸ ਲੱਭਣ ਦਾ ਯਤਨ ਵੀ ਵਿਰਲਾ ਹੀ ਕਰਦਾ, ਨਾਲੇ information ਦੇ ਦੌਰ ਅੰਦਰ ਗਿਆਨ ਲੈਣ ਦੀ ਲਾਲਸਾ ਕਿਸ ਕੋਲ? ਹਰੇਕ ਬੰਦਾ ੩੦ ਕੁ ਸਕਿੰਟ ਦੀ ਵੀਡਿਓ ਦੇਖ ਮਾਹਿਰ ਬਣ ਜਾਣਕਾਰੀ ਵੰਡਣ ਤੇ ਲੱਗਿਆ।

ਖੈਰ ਇਸ ਪਾਸੇ ਨਾ ਜਾਵਾਂ ਸਾਡੇ ਜਰਮਨੀ ਦੇ ਬਰਲਿਨ ਸ਼ਹਿਰ ਅੰਦਰ ਈਸਟ ਤੇ ਵੈਸਟ ਜਰਮਨੀ ਨੂੰ ਵੰਡਣ ਆਲੀ ਜਿਹੜੀ ਦਿਵਾਰ ਢਾਹੀ ਉਸਦੇ ਅੰਸ਼ ਅਜੇ ਵੀ ਦੇਖੇ ਜਾ ਸਕਦੇ ਹਨ। ਜਦੋਂ ਦਿਵਾਰ ਢਾਹੀ ਤਾਂ ਉਸ ਦੀਵਾਰ ਨਾਲ ਜੋ ਵੰਡੀਆਂ ਪਈਆਂ ਸਨ ਤੇ ਢਾਹੁਣ ਤੋਂ ਬਾਅਦ ਦਾ ਸਕੂਨ ਮਾਨਣ ਲਈ, ਉਹਨਾਂ ਨੇ ਉਸ ਦੀਵਾਰ ਦੇ ਟੁਕੜੇ ੩੦ ਤੋਂ ੫੦ ਯੂਰੋ ਦੇ ਵੇਚੇ ਅਜੇ ਵੀ ਉਥੋਂ ਖਰੀਦੇ ਜਾ ਸਕਦੇ ਹਨ। ਤਾਂ ਜੋ ਆਉਣ ਵਾਲੀਆਂ ਪੀੜੀਆਂ ਉਹਨਾਂ ਟੁਕੜਿਆਂ ਅੰਦਰੋਂ ਅਹਿਸਾਸ ਕਰ ਸਕਣ ਕੇ! ਇਸ ਦੀਵਾਰ ਦੇ ਅੱਧ ਵਿਚ ਹੁੰਦੇ ਹੋਏ ਸਾਡੇ ਬਜੁਰਗ ਕੀ ਅਹਿਸਾਸ ਕਰਦੇ ਹੋਣਗੇ। ਇੱਕ ਨਿਸ਼ਾਨੀ ਤੌਰ ਤੇ ਲੋਕ ਖਰੀਦ ਕੇ ਘਰਾਂ ਨੂੰ ਲੈ ਗਏ।

ਇਧਰ ਸਾਡੇ ਨਾਲ ਤੇ ਹੋਈ ਵੀ ਜਗੋਂ ਤੇਰਵੀਂ ਸਾਡਾ ਤੇ ਹੱਸਦਾ ਵੱਸਦਾ ਘਰ ਉਜਾੜ ਤਾਂ ਹੁਣ ਸਾਡੇ ਵਾਲਿਆਂ ਨੂੰ ਬਹੁਤੇ ਸਿਆਣੇ ਕਹਿ ਲਈਏ ਜਾਂ ਮਹਾਂ ਮੂਰਖ ਇਹਨਾਂ ਨੇ ਦੁਸ਼ਮਣ ਵੱਲੋਂ ਢਾਹੇ ਸਾਡੇ ਅਕਾਲ ਤਖਤ ਸਾਹਿਬ ਦੀਆਂ ਦੀਵਾਰਾਂ ਜਿਸ ਵਿਚ ਸਰਕਾਰ ਦੇ ਤੋਪਾਂ ਦੇ ਗੋਲੇ, ਗੋਲੀਆਂ ਉਸੇ ਤਰ੍ਹਾਂ ਹੂ ਬ ਹੂ ਧਸੇ ਪਏ ਸਨ। ਵਾਧੂ ਮਲਬਾ ਕਹਿ ਕੇ ਕਿਸੇ ਥਾਂ ਧਰਤੀ ਦਾ ਸੀਨਾ ਪਾੜ ਕੇ ਖਪਾ ਦਿੱਤਾ। ਜੇ ਉਹੀ ਮਲਬਾ ਬਰਲਿਨ ਦੀ ਦੀਵਾਰ ਦੀ ਤਰ੍ਹਾਂ ਸਾਂਭਿਆ ਹੁੰਦਾ ਇਹਨਾਂ ਤੇ ਵੇਚਿਆ ਸੀ ਧਨ ਵੀ ਕਮਾ ਲਿਆ ਵਿਰਾਸਤ ਵੀ ਸਾਂਭ ਲਈ। ਧੰਨ ਖਾਲਸਾ ਪੰਥ ਕੋਲ ਬਹੁਤ ਹੈ ਧਨ ਖਾਤਿਰ ਨਹੀਂ ਬਲਕਿ ਸਾਡੇ ਵਾਲੇ ਇਹੀ ਕਰ ਲੈਂਦੇ ਕਿ ਹਰੇਕ ਪਿੰਡ, ਸ਼ਹਿਰ, ਦੇਸ਼, ਵਿਦੇਸ਼ ਦੇ ਗੁਰੂ ਘਰ ਅੰਦਰ ਇੱਕ ਇੱਕ ਟੁਕੜਾ ਪਹੁੰਚਾ ਦਿੰਦੇ। ਜਾਂ ਹਿਦਾਇਤ ਕਰ ਦੇਂਦੇ ਭਾਈ ਆਕੇ ਲੈ ਜਾਉ ਤੇ ਸ਼ੀਸ਼ੇ ਚ ਮੜ੍ਹਾ ਕੇ ਰੱਖੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਜਦ ਕਿਸੇ ਵੀ ਗੁਰੂ ਘਰ ਜਾਣ ਤੇ ਉਹਨਾਂ ਦੇ ਸਾਹਮਣੇ ਉਹ ਢਠੇ ਹੋਏ ਅਕਾਲ ਤਖਤ ਦੀ ਤਸਵੀਰ ਆਵੇ। ਫਿਰ ਕਿਸਨੂੰ ਗੁਲਾਮੀ ਗਲੋਂ ਲਾਉਣ ਦਾ ਜਨੂੰਨ ਨਾ ਚੜਦਾ? ਜਿਹੜੀ ਅਜਾਦੀ ਹੁਣ ਭੀਖ ਚ ਮੰਗ ਰਹੋ ਹੋ! ਇਹ ਇਹਨਾਂ ਵਾਰਿਸਾਂ ਨੇ ਆਪ ਲੈ ਲੈਣੀ ਸੀ। ਇਹਨਾਂ ਨੂੰ ਅਹਿਸਾਸ ਦੀ ਲੋੜ ਹੈ।

ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜਿਹਨਾਂ ਨੇ ਉਹ ਮਲਬਾ ਕਹਿ ਛੇਵੇਂ ਪਾਤਸ਼ਾਹ ਦੇ ਢਾਹੇ ਤਖਤ ਦਾ ਕੌਮ ਦਾ ਵਿਰਾਸਤੀ ਖਜਾਨਾ ਖਪਾਇਆ ਹੈ, ਉਹ ਜਿਉਂਦੇ ਹਨ। ਲੋੜ ਹੈ ਪੜਤਾਲ ਕਰਨ ਦੀ ਖਰਚਾ ਕਰਨ ਨੂੰ ਵਿਦੇਸ਼ ਦੀ ਸੰਗਤ ਪੂਰਨ ਸਹਿਯੋਗ ਕਰੇਗੀ ਸਾਡੀ ਵਿਰਾਸਤ ਹੈ! ਅਸੀਂ ਜਿਤਨਾ ਹੋ ਸਕਿਆ ਦਸਵੰਧ ਦੇਵਾਂਗੇ। ਵਾਸਤਾ ਹੈ ਸਾਡਾ ਖਜਾਨਾ ਸਾਨੂੰ ਮੌੜ ਦਿਓ।

ਸੁਰਜੀਤ ਸਿੰਘ ਜਰਮਨੀ(ਡਾ.)


Posted By: 5aab.media