ਪਰਮਿੰਦਰ ਸਿੰਘ ਸ਼ੌਂਕੀ ਦੀ ਕਿਤਾਬ -ਕੋਈ ਦੇਸ ਨਾ ਸਾਡਾ
- ਚੜ੍ਹਦਾ ਪੰਜਾਬ
- 01 Jun,2025
ਵੱਖਰੇ ਰਾਜ ਦਾ ਉਮਾਹ ਸਿੱਖ ਮਾਨਸਿਕਤਾ ਅੰਦਰ ਉਸੇ ਵੇਲ਼ੇ ਤੋਂ ਪਿਆ ਹੈ, ਜਦੋਂ ਤੋਂ ਗੁਰਬਾਣੀ ਅੰਦਰ ਪਾਤਸ਼ਾਹ “ਬਾਰਿ ਪਰਾਇਐ ਬੈਸਣਾ” ਦਾ ਸੰਕਲਪ ਸ਼ਾਮਲ ਕਰਦੇ ਹਨ. ਬਹੁਤ ਸਾਰੇ ਨਾ-ਸਮਝ ਲੋਕ ਅਕਸਰ ਇਹ ਗੱਲਾਂ ਕਰ ਜਾਂਦੇ ਹਨ ਕਿ ਵੱਖਰੇ ਰਾਜ ਦੀ ਸੰਕਲਪਨਾ ਸਿੱਖ ਦਰਸ਼ਨ ਅਨੁਸਾਰੀ ਨਹੀਂ ਹੈ, ਪਰ ਉਹ ਇਹ ਸਮਝਣ ਤੋਂ ਮੁਨਕਰ ਰਹਿੰਦੇ ਹਨ ਕਿ ਖਾਲਸਾ ਜੀ ਦੇ ਨਿਆਰੇਪਣ ਦੀ ਕਾਇਮੀ ਹਿਤ ਰਾਜ ਦਾ ਹੋਣਾ ਸਿੱਖ ਦਰਸ਼ਨ ਦਾ ਇਕ ਅਹਿਮ ਅੰਗ ਹੈ. ਹਾਲਾਂਕਿ ਇਹ ਇੱਕ ਲੰਮਾ ਵਿਸ਼ਾ ਹੈ ਪਰ ਆਪਾਂ ਏਨਾ ਤਾਂ ਅਸਾਨੀ ਨਾਲ ਸਮਝ ਹੀ ਸਕਦੇ ਹਾਂ ਕਿ ਹਲੇਮੀ ਰਾਜ ਤੇ ਬੇਗਮਪੁਰਾ ਦੀ ਕਾਇਮੀ ਬ੍ਰਹਿਮੰਡੀ ਸੰਪੂਰਨਤਾ ਤੋਂ ਪਹਿਲਾਂ-ਪਹਿਲ ਜ਼ਮੀਨੀ ਧਰਾਤਲ ਤੇ ਹੋਣੀ ਲਾਜ਼ਮੀ ਹੋ ਜਾਂਦੀ ਹੈ. ਪਰ ਖ਼ੈਰ…
ਰਾਜ ਤੋਂ ਬਗੈਰ ਸਿੱਖਾਂ ਦੀ ਤ੍ਰਾਸਮਈ ਹਾਲਤ ਦਾ ਫਿਲਹਾਲ ਕੋਈ ਉਦਾਹਰਨ ਇੱਥੇ ਦੇਣਾ ਜ਼ਰੂਰੀ ਨਹੀਂ. ਤੁਸੀਂ ਸਾਰੇ ਇਸ ਗੱਲ ਨੂੰ ਭਲੀ-ਭਾਂਤ ਸਮਝਦੇ ਹੋ ਕਿ ਰਾਜ ਵਿਹੂਣੀ ਸਿੱਖ ਸਰੀਰਕਤਾ ਕਿਵੇਂ ਨਿੱਤ ਦਿਹਾੜੇ ਮੰਦਭਾਗੀਆਂ ਘਟਨਾਵਾਂ ਦੇ ਸਨਮੁਖ ਹੁੰਦੀ ਹੈ. ਸਿੱਖਾਂ ਦੇ ਪਾਵਨ ਗ੍ਰੰਥਾਂ ਤੋਂ ਲੈ ਕੇ ਗੁਰਧਾਮਾਂ, ਸੰਸਕਾਰਾਂ, ਮਾਨਤਾਵਾਂ, ਆਸਥਾਵਾਂ ਤੇ ਅਕੀਦਿਆਂ ਉੱਪਰ ਕਿਵੇਂ ਹਮਲੇ ਹੋ ਰਹੇ ਹਨ. ਇਹ ਹਮਲੇ ਕੋਈ ਨਵਾਂ ਵਰਤਾਰਾ ਨਹੀਂ, ਬਲਕਿ ਸਦੀਆਂ ਦੇ ਵਹਾਅ ਦਾ ਪ੍ਰਣਾਮ ਮਾਤਰ ਹਨ. ਜਿਨ੍ਹਾਂ ਦੀ ਇੱਕ ਵੱਡੇ ਚੀਸ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਤੀਜੇ ਘੱਲੂਘਾਰੇ ਵਿੱਚ ਪਈ ਹੈ.
ਜੂਨ ਚੁਰਾਸੀ ਤੋਂ ਲਗਾਤਾਰ ਬਾਅਦ ਤੱਕ ਵਾਪਰ ਰਹੇ ਇਸ ਘੱਲੂਘਾਰੇ ਦੀਆਂ ਕਈ ਪਰਤਾਂ ਸਾਡੇ ਸਾਹਮਣੇ ਹਨ, ਪਰ ਇਹ ਬੇਹੱਦ ਮਰਮਿਕ ਤੇ ਦਿਲ ਕੰਬਾਊ ਘਟਨਾ ਉਸ ਵਕਤ ਇਹ ਵੀ ਵਾਪਰੀ ਸੀ ਕਿ ਭਾਰਤੀ ਫ਼ੌਜ ਨੇ ਛੋਟੇ ਛੋਟੇ ਸਿੱਖ ਬੱਚਿਆਂ ਨੂੰ ਅੱਤਵਾਦੀ ਆਖ ਕੇ ਆਪਣੇ ਕਬਜੇ ਵਿੱਚ ਲੈ ਲਿਆ ਸੀ ਤੇ ਉਨ੍ਹਾਂ ਉਨ੍ਹਾਂ ਦੀ ਬਕਾਇਦਾ ਫੌਜੀ ਪੜਤਾਲ ਹੋਈ ਸੀ, ਜਿਸ ਨੇ ਸਿੱਖ ਰਾਜ ਨਾ ਹੋਣ ਦੀ ਚੀਸ ਨੂੰ ਸਾਡੇ ਮਨਾਂ ਅੰਦਰ ਹੋਰ ਵਧੇਰੇ ਪੱਕਿਆਂ ਕੀਤਾ. ਇਹ ਨਾਵਲ ਉਸੇ ਚੀਸ ਦਾ ਇਕ ਬੇਹੱਦ ਭਾਵੁਕ ਕਰ ਦੇਣ ਵਾਲਾ ਪ੍ਰਗਟਾਵਾ ਹੈ.
ਗੁਰਦੀਪ ਸਿੰਘ ਨਿਦੋਸਰਾ ਨੇ ਜਿਸ ਤਰ੍ਹਾਂ “ਕੋਈ ਦੇਸ ਨਾ ਸਾਡਾ” ਵਿੱਚ ਸਿੱਖ ਰਾਜ ਦੀ ਤੜਪ ਦਾ ਜ਼ਿਕਰ ਕੀਤਾ ਹੈ, ਮੈਂ ਸਮਝਦਾ ਹਾਂ ਕਿ ਉਹ ਸਿੱਖ ਰਾਜ ਦੀ ਮੰਗ ਕਿਉਂ ਜਰੂਰੀ ਹੈ ਦੇ ਸਵਾਲ ਨੂੰ ਬੇਹੱਦ ਅਸਾਨ ਤਰੀਕੇ ਨਾਲ ਸਾਡੇ ਸਾਹਮਣੇ ਰੱਖਦਾ ਹੈ. ਉਮੀਦ ਹੈ ਇਸ ਦਾ ਪਾਠ ਤੁਹਾਨੂੰ ਆਪਣੀਆਂ ਜੜ੍ਹਾਂ ਵੱਲ ਮੋੜੇਗਾ.
~ਪਰਮਿੰਦਰ ਸਿੰਘ ਸ਼ੌਂਕੀ.
Posted By:
5aab.media
Leave a Reply