ਦਸਮ ਵਿਹੀਣ ਪੰਥ ?

ਦਸਮ ਵਿਹੀਣ ਪੰਥ ?

ਪੰਖ ਬਿਨਾ ਪੰਖੀ ਨਹੀਂ, ਦਸਮ ਬਿਨਾ ਨਹੀਂ ਪੰਥ।


ਪੰਥ-ਗ੍ਰੰਥ ਬਿਨ ਗਤਿ ਨਹੀਂ, ਮੰਤ ਦਿਯੋ ਭਗਵੰਤ।।


ਇਕ ਵੇਰ ਪੰਥਕ ਢਾਡੀ ਗਿਆਨੀ ਦਯਾ ਸਿੰਘ ਦਿਲਬਰ ਨੂੰ ਕਿਸੇ ਨੇ ਪੁਛਿਆ ਗੁਰਦੁਆਰੇ ਜਾਣ ਦਾ ਕੀ ਫਾਇਦਾ, ਨਿਤ ਨੇਮ ਦਾ ਕੀ ਫਾਇਦਾ, ਕੇਸਾਂ ਦਾ ਕੀ ਫਾਇਦਾ, ਅੰਮ੍ਰਿਤ ਛੱਕਣ ਦਾ ਕੀ ਫਾਇਦਾ? ਗਿਆਨੀ ਜੀ ਨੇ ਕਿਹਾ, ਤੇਰੇ ਜੰਮਣ ਦਾ ਕੀ ਫਾਇਦਾ?


ਮੈਂ ਇਕ ਵੇਰ ਕੈਨੇਡਾ ਇਕ ਢਾਣੀ ਵਿਚ ਗਿਆ ਤਾਂ ਪੁੱਛਣ ਲੱਗੇ ਕਿ ਦਸਮ ਗ੍ਰੰਥ ਦਾ ਕੀ ਫਾਇਦਾ? ਜੇ ਦਸਮ ਨਹੀਂ ਹੋਏਗਾ ਤਾਂ ਕੀ ਘੱਟ ਜਾਏਗਾ। ਮੈਂ ਜਵਾਬ ਦਿੱਤਾ ਕਿ ਠੀਕ ਹੈ ਜਿਵੇਂ ਕੋਈ ਤੁਹਾਨੂੰ ਸਾਈਕਲ ਦੇ ਦਵੇ ਅਤੇ ਕਾਠੀ ਲਾਹ ਲਵੇ। ਹੁਣ ਸਾਇਕਲ ਤਾਂ ਚਲੇਗੀ ਪਰ ਜਦੋ ਕੋਈ ਟੋਆ ਆਇਆ ਤਾਂ ਫਿਰ ਲਗ ਪਤਾ ਜਾਏਗਾ।


ਹੁਣ ਜੇਕਰ ਗੰਭੀਰਤਾ ਨਾਲ ਵਿਚਾਰੀਏ ਤਾਂ ਸਿੱਖ ਦੀ ਹੋਂਦ, ਉਸਦੀ ਸਿਰਜਨਾ ਅਤੇ ਕਾਇਮੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਤੇ ਹੈ। ਪੰਥ ਦਾ ਰੂਪ ਸਰੂਪ ਲਈ ਕੁਝ ਸਿਧਾਂਤ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਦੇਣ ਹਨ। ਦਸ਼ਮੇਸ਼ ਪਿਤਾ ਦੀ ਬਾਣੀ ਦੇ ਬਿਨਾ ਪੰਥ ਦੀ ਹੋਂਦ ਹੀ ਸਮਾਪਤ ਹੋ ਜਾਏਗੀ। ਫ਼ਿਰ ਵੀ ਸੰਖੇਪ ਵਿਚ ਕੁਝ ਨੁਕਤੇ ਵਿਚਾਰ ਯੋਗ ਹਨ,


੧. ਵਾਹਿਗੁਰੂ ਜੀ ਕੀ ਫ਼ਤਹ।। :- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਚਾਰੇ ਸ਼ਬਦ ਵਾਹਿਗੁਰੂ ਜੀ ਕੀ ਫ਼ਤਹਿ।। ਨਿਤਾਪ੍ਰਤਿ ਅਤੇ ਕਦਮ ਕਦਮ ਤੇ, ਨਿਤਨੇਮ, ਅੰਮ੍ਰਿਤ ਸੰਚਾਰ, ਹਰ ਦੀਵਾਨ ਹਰ ਮੈਦਾਨ ਇਹ ਫ਼ਤਹ ਵਰਤੀ ਜਾਂਦੀ ਹੈ ਇਹ ਨਹੀਂ ਹੋਣ ਨਾਲ ਪੰਥ ਦੇ ਸਰੂਪ ਬਾਰੇ ਸੋਚਿਆ ਵੀ ਨਹੀਂ ਜੀ ਸਕਦਾ।


ਵਾਹਿਗੁਰੂ ਜੀ ਕੀ ਫ਼ਤਹਿ ਦਾ ਸੋਮਾ ਸ੍ਰੀ ਦਸਮ ਗ੍ਰੰਥ ਸਾਹਿਬ ਹੈ ਅਤੇ ਇਹ ਵੱਖ ਵੱਖ ਰੂਪਾਂ ਵਿਚ ਕਈ ਥਾਵੇਂ ਸਤਿਗੁਰਾਂ ਨੇ ਵਰਤੀ ਹੈ। ਜਿਵੇਂ Å ਸ੍ਰੀ ਵਾਹਿਗੁਰੂ ਜੀ ਕੀ ਫ਼ਤੇ ਹੈ (ਸ਼ਤਤ੍ਰਨਾਮ ਮਾਲਾ), Å ਸ੍ਰੀ ਵਾਹਿਗੁਰੂ ਜੀ ਕੀ ਫ਼ਤੇ (ਸੰਸਾਹਰ ਸੁਖਮਣਾ), Å ਹੁਕਮ ਸਤਿ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ (ਜ਼ਫ਼ਰ ਨਾਮਹ), Å ਵਾਹਿਗੁਰੂ ਜੀ ਕੀ ਫ਼ਤਹ (ਕ੍ਰਿਸ਼ਨਾ ਅਵਤਾਰ, ਚੰਡੀ ਦੀ ਵਾਰ, ਮਾਲਕੋਂਸ ਦੀ ਵਾਰ), Å ਵਾਹਿਗੁਰੂ ਜੀ ਕੀ ਫ਼ਤੇ (ਉਕਤਿ ਬਿਲਾਸ, ਚਰਿਤ੍ਰ, ਚੌਬੀ ਅਵਤਾਰ, ਤੇਤੀ ਸਵੈਯੇ, ਭਗਉਤੀ ਦੀ ਵਾਰ), ਵਾਹਿਗੁਰੂ ਜੀ ਕੀ ਫ਼ਤਹ (੧੧ ਹਕਾਯਤਾਂ ਦੇ ਅਰੰਭ)।


੨. ਅਰਦਾਸ :- ਦਸਮ ਬਾਣੀ ਦੇ ਬਿਨਾ ਖਾਲਸੇ ਦੀ ਅਰਦਾਸ ਹੀ ਸਮਾਪਤ ਹੋ ਜਾਏਗੀ। ਅਰਦਾਸ ਦੀ ਅਰੰਭਤਾ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਵਾਰ ਸ੍ਰੀ ਭਗੌਤੀ ਜੀ ਕੀ ਦੀ ਪਹਿਲੀ ਪਉੜੀ ਤੋਂ ਹੁੰਦੀ ਹੈ। ਇਹ ਪੰਥ ਅਤੇ ਪੰਥਕ ਸਰੂਪ ਦੀ ਬੁਨਿਆਦ ਹੈ। ਇਸ ਪਉੜੀ ਵਿਚ ਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਜੀ ਤਕ ਦਾ ਜ਼ਿਕਰ ਹੈ। ਕੁਦਰਤੀ ਤੌਰ ਤੇ ਇਹ ਪਉੜੀ ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ॥ ਸਭ ਥਾਈ ਹੋਇ ਸਹਾਇ ॥੧॥ ਤਕ ਹੈ। ਇਸ ਵਿਚ ਕਲਗੀਧਰ ਪਿਤਾ ਦਾ ਨਾਮ ਨਹੀਂ ਹੈ ਕਿਉਂਕਿ ਉਹ ਖੁਦ ਇਸ ਦੇ ਰਚਨਹਾਰੇ ਹਨ।


੩. ਦੇਗ ਤੇਗ ਫ਼ਤਹਿ। :- ਦੇਗ ਤੇਗ ਫਤਹਿ ਪੰਥਕ ਆਦਰਸ਼ ਅਤੇ ਅਰਦਾਸ ਦਾ ਹਿੱਸਾ ਹੈ। ਸਤਿਗੁਰੂ ਜੀ ਨੇ ਖਾਲਸੇ ਨੂੰ ਦੇਗ ਅਤੇ ਤੇਗ ਦੋਹਾਂ ਦੀ ਬਖਸ਼ਿਸ਼ ਕੀਤੀ ਹੈ। ਜਿਸ ਕੌਮ ਕੋਲ ਦੇਗ ਅਤੇ ਤੇਗ ਹੋਏਗੀ, ਫ਼ਤਹਿ ਉਸਦੇ ਕਦਮ ਚੁੰਮੇਗੀ। ਇਹ ਸਤਿਗੁਰ ਜੀ ਦੀ ਬਖਸ਼ਿਸ਼ ਹੈ। ਖਾਲਸੇ ਵਲੋਂ ਵਰਤੀ ਜਾਂਦੀ ਦੇਗ ਤੇਗ ਫ਼ਤਹਿ। ਦਾ ਸੋਮਾਂ ਵੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਹੀ ਹੈ। ਸਤਿਗੁਰੂ ਜੀ ਬਚਨ ਕਰਦੇ ਹਨ,


ਦੇਗ ਤੇਗ ਜਗ ਮੈ ਦੋਊ ਚਲੈ।।


ਰਾਖੁ ਆਪਿ ਮੁਹਿ ਅਉਰ ਨ ਦਲੈ।।੪੩੬।।


ਇਸ ਦੇਗ ਤੇਗ ਫ਼ਤਹਿ। ਨੇ ਬਾਅਦ ਵਿਚ ਇਤਿਹਾਸ ਦੀ ਸਿਰਜਨਾ ਕੀਤੀ ਅਤੇ ਬਾਬਾ ਬੰਦਾ ਬਹਾਦੁਰ ਨੇ ਦੇਗ ਤੇਗ ਫ਼ਤਹਿ। ਦੀ ਇਬਾਰਤ ਵਾਲੇ ਖਾਲਸਈ ਸਿੱਕੇ ਵੀ ਜਾਰੀ ਕੀਤੇ। ਭਾਈ ਕਾਨ੍ਹ ਸਿੰਘ ਜੀ ਨਾਭਾ ਦੇਗ ਤੇਗ ਫ਼ਤਿਹ ਦੀ ਵਿਆਖਿਆ ਕਰਦੇ ਹਨ ਕਿ ਸਿੰਘਾਂ ਦੀ ਕ੍ਰਿਪਾਨ ਤੇ ਕੜਛੀ ਹਮੇਸ਼ਾਂ ਹਿਲਦੀ ਰਹਿਣੀ ਚਾਹੀਦੀ ਹੈ।


੪. ਅੰਮ੍ਰਿਤ ਸੰਚਾਰ :- ਸਿੱਖ ਨੂੰ ਗੁਰੂ ਪੰਥ ਦਾ ਹਿੱਸਾ ਬਣਨ ਲਈ ਅੰਮ੍ਰਿਤ ਹੈ ਅਤੇ ਅੰਮ੍ਰਿਤ ਸੰਚਾਰ ਲਈ ਪੰਜ ਬਾਣੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬਾਣੀਆਂ ਜਪੁ ਜੀ ਸਾਹਿਬ ਅਤੇ ਅਨੰਦ ਸਾਹਿਬ ਦੇ ਨਾਲ ਨਾਲ ਸ੍ਰੀ ਦਸਮ ਗ੍ਰੰਥ ਸਾਹਿਬ ਵਿਚੋਂ ਜਾਪੁ ਸਾਹਿਬ, ੧੦ ਸਵੱਯੇ (‘ਸ੍ਰਾਵਗ ਸੁਧ ਵਾਲੇ’) ਅਤੇ ਬੇਨਤੀ ਚੌਪਈ (ਹਮਰੀ ਕਰੋ ਹਾਥ ਦੈ ਰੱਛਾ) ਹਨ। ਇਸਦੇ ਨਾਲ ਹੀ ਇਸ ਵਿਚ ਅਰਦਾਸ ਲਈ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦।। ਵੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿਚੋਂ ਹੈ। ਦਸਮ ਦੇ ਬਿਨਾ ਅੰਮ੍ਰਿਤ ਸੰਚਾਰ ਨਹੀਂ ਹੋ ਸਕਦਾ।


੬. ਨਿਤਨੇਮ :- ਇਸੇ ਤਰ੍ਹਾਂ ਸਿੱਖ ਨੂੰ ਸਿੱਖ ਕਾਇਮ ਰੱਖਣ ਲਈ ਨਿਤਨੇਮ ਦੀ ਲੋੜ ਹੈ। ਇਸ ਵਿਚ ਵੀ ਜਾਪੁ ਸਾਹਿਬ, ੧੦ ਸਵੱਯੇ (‘ਸ੍ਰਾਵਗ ਸੁਧ ਵਾਲੇ’) ਅਤੇ ਬੇਨਤੀ ਚੌਪਈ (ਹਮਰੀ ਕਰੋ ਹਾਥ ਦੈ ਰੱਛਾ) ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿਚੋਂ ਹੈ। ਐਸੇ ਵੀ ਕਈ ਮਿਲ ਜਾਣ ਗੇ ਕਿ ਅਸੀਂ ਇਹਨਾਂ ਪੰਜ ਬਾਣੀਆਂ ਨੂੰ ਪੜ੍ਹਦੇ ਹਾਂ। ਸਵਾਲ ਪੜ੍ਹਨ ਦਾ ਨਹੀਂ, ਸਵਾਲ ਇਹ ਹੈ ਕਿ ਕੀ ਉਹ ਇਸ ਨੂੰ ਗੁਰੂ ਦੀ ਰਚੀ ਬਾਣੀ ਮੰਨਦੇ ਹਨ। ਜੇ ਨਹੀਂ ਤਾਂ ਫਿਰ ਕੀ ਉਹ ਕਿਸੇ ਕਵੀ ਦੀ ਰਚਨਾ ਨੂੰ ਪੜ੍ਹ ਰਹੇ ਹੁੰਦੇ ਹਨ। ਇਹ ਬਹੁਤ ਹੀ ਗੰਭੀਰ ਵਿਸ਼ਾ ਹੈ।


੭. ਨਿਸ਼ਾਨ ਸਾਹਿਬ ਦਾ ਸਰੂਪ:- ਖਾਲਸਾ ਪੰਥ ਦੀ ਸ਼ਾਨ ਨਿਸ਼ਾਨ ਸਾਹਿਬ ਦੇ ਨਕਸ਼ੇ ਦਾ ਸੋਮਾਂ ਵੀ ਦਸਮ ਗ੍ਰੰਥ ਸਾਹਿਬ ਜੀ ਹੀ ਹੈ। ਨਿਸ਼ਾਨ ਸਾਹਿਬ ਵਿਚ ਖੰਡੇ ਕ੍ਰਿਪਾਨਾਂ ਦੇ ਚਿੰਨ੍ਹ ਹਨ। ਇਸ ਨੂੰ ਅਸਿਕੇਤ (ਅਸਿ=ਕ੍ਰਿਪਾਨ+ਕੇਤੁ= ਝੰਡਾ) ਕਿਹਾ ਹੈ। ਇਸ ਲਈ ਅਸਿਕੇਤ, ਖੜਗਕੇਤ, ਖੜਗਧੁਜ, ਅਸਿਧੁਜ ਦਾ ਅਰਥ ਹੈ ਉਹ ਝੰਡਾ ਜਿਸ ਵਿਚ ਖੰਡੇ ਕ੍ਰਿਪਾਨਾਂ ਦਾ ਚਿੰਨ੍ਹ ਹੋਏ। ਇਹ ਖਾਲਸੇ ਦਾ ਨਿਸ਼ਾਨ ਸਾਹਿਬ ਹੈ। ਸਤਿਗੁਰੂ ਜੀ ਨੇ ਹੁਕਮ ਵੀ ਕੀਤਾ ਹੈ,


ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ ਬਨਾਇ ॥


ਤਿਨ ਪਰ ਅਪਨੋ ਹਾਥ ਦੈ ਅਸਿਧੁਜ ਲੇਤ ਬਚਾਇ ॥੩੬੭॥


ਇਸ ਵਿਚਾਰ ਤੋਂ ਸਪਸ਼ਟ ਹੈ ਕਿ ਖਾਲਸੇ ਦੀ ਹਸਤੀ ਅਤੇ ਹੋਂਦ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾ ਸੋਚੀ ਵੀ ਨਹੀਂ ਜਾ ਸਕਦੀ। ਇਸ ਲਈ ਦਸਮ ਗ੍ਰੰਥ ਸਾਹਿਬ ਦੀ ਬਾਣੀ ਤੇ ਹਮਲਾ ਗੁਰੂ ਪੰਥ ਦੀ ਹੋਂਦ ਤੇ ਹਮਲਾ ਹੈ।


੮. ਪੰਥ ਦੀ ਹਸਤੀ:- ਪੰਥ ਦੇ ਸੰਕਲਪ, ਇਸਦੀ ਹਸਤੀ, ਆਸ਼ਾ ਅਤੇ ਉਦੇਸ਼ ਬਾਰੇ ਜਾਣਕਾਰੀ ਸਤਿਗੁਰੂ ਜੀ ਨੇ ਬਚਿਤ੍ਰ ਨਾਟਕ ਵਿਚ ਅੰਕਤੀ ਕੀਤੀ ਹੈ। ਕਲਗੀਧਰ ਪਿਤਾ ਸਪਸ਼ਟ ਤੌਰ ਤੇ ਅੰਕਤ ਕਰਦੇ ਹਨ,


ਠਾਂਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਯਾਇ ॥


ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥


੯. ਦਸ ਗੁਰੂ ਸਾਹਿਬਾਨ ਦੇ ਨਾ:- ਸਿੱਖ ਪੰਥ ਦੇ ਆਦਿ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੌ ਜਾਮੇ ਧਾਰੇ। ਹੁਣ ਕੋਈ ਗਿਆਰਾਂ ਬਾਰਾਂ ਕਹੀ ਜਾਏ ਜਾਂ ਕੋਈ ਕੇਵਲ ਗੁਰੂ ਨਾਨਕ ਦੇਵ ਜੀ, ਗੁਰੂ ਅਮਰ ਦਾਸ ਜੀ ਜਾਂ ਗੁਰੂ ਰਾਮ ਦਾਸ ਜੀ ਨੂੰ ਹੀ ਮੰਨੀ ਜਾਏ ਪਰ ਦਸਾਂ ਗੁਰੂ ਸਾਹਿਬਾਨ ਜੀ ਦਾ ਨਾਮ ਸ੍ਰੀ ਦਸਮ ਗ੍ਰੰਥ ਸਾਹਿਬ ਨੇ ਕਿਰਪਾ ਕਰਕੇ ਸਪਸ਼ਟ ਰੂਪ ਵਿਚ ਦਰਜ ਕਰ ਦਿੱਤਾ ਹੈ।


ਸੋ ਇਸ ਸਾਰੀ ਵਾਰਤਾ ਤੋਂ ਨਿਸਚਤ ਹੈ ਕਿ ਸਿੱਖ ਦੀ ਜੀਵਨ ਜਾਚ ਦਾ ਵਹਿਣ ਗੁਰੂ ਗ੍ਰੰਥ – ਗੁਰੂ ਪੰਥ ਦੇ ਦੋ ਕੰਢਿਆਂ ਦੇ ਵਿਚਕਾਰ ਹੀ ਵਿਚਰਨਾ ਹੈ। ਇਹਨਾਂ ਕੰਢਿਆਂ ਤੋਂ ਬਾਹਰ ਆਈਆਂ ਲਹਿਰਾਂ ਹੜ੍ਹ ਬਣ ਜਾਂਦੀਆਂ ਹਨ। ਇਹ ਸਾਰੀ ਜੀਵਨ ਜਾਚ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ।


੯ ਜੁਲਾਈ, ੨੦੨੫ ਗੁਰਚਰਨਜੀਤ ਸਿੰਘ ਲਾਂਬਾ


Posted By: 5aab.media