ਭਾਈ ਹਵਾਰਾ ਨੂੰ ਪੈਰੋਲ, ਭਾਈ ਰਾਜੋਆਣਾ ਦੀ ਸਜ਼ਾ ਬਦਲੀ 'ਤੇ ਤੁਰੰਤ ਅਮਲ ਹੋਵੇ : ਦਮਦਮੀ ਟਕਸਾਲ
- ਪੰਜਾਬੀ
- 26 Sep,2025
ਚੌਕ ਮਹਿਤਾ / ਸ੍ਰੀ ਅੰਮ੍ਰਿਤਸਰ, 26 ਸਤੰਬਰ –
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਿੱਲੀ ਦੀ ਜੇਲ੍ਹ ਵਿੱਚ ਬੰਦ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਬੀਬੀ ਨਰਿੰਦਰ ਕੌਰ ਦੀ ਸਿਹਤ ਬਾਰੇ ਗੰਭੀਰ ਚਿੰਤਾ ਜਤਾਈ ਹੈ।
ਉਨ੍ਹਾਂ ਦੀ ਹਾਲਤ ਬਾਰੇ ਜਾਣਣ ਲਈ ਭਾਈ ਸੁਖਦੇਵ ਸਿੰਘ ਦੀ ਅਗਵਾਈ ਹੇਠ ਦਮਦਮੀ ਟਕਸਾਲ ਵਲੋਂ ਇਕ ਵਫ਼ਦ ਪਿੰਡ ਹਵਾਰਾ ਰਵਾਨਾ ਕੀਤਾ ਗਿਆ, ਜਿਸ ਨੇ ਮਾਤਾ ਨਰਿੰਦਰ ਕੌਰ ਦੀ ਸਿਹਤ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ।
ਸੰਤ ਹਰਨਾਮ ਸਿੰਘ ਨੇ ਕਿਹਾ ਕਿ ਭਾਈ ਹਵਾਰਾ ਦੀ ਮਾਤਾ ਉਨ੍ਹਾਂ ਨੂੰ ਕਈ ਦਹਾਕਿਆਂ ਤੋਂ ਮਿਲਣ ਦੀ ਉਮੀਦ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਕਾਨੂੰਨੀ ਨਹੀਂ, ਸਗੋਂ ਨੈਤਿਕ ਫ਼ਰਜ਼ ਵੀ ਹੈ ਕਿ ਸਰਕਾਰ ਭਾਈ ਹਵਾਰਾ ਨੂੰ ਤੁਰੰਤ ਪੈਰੋਲ ‘ਤੇ ਰਿਹਾ ਕਰੇ ਤਾਂ ਜੋ ਉਹ ਆਪਣੀ ਬਿਮਾਰ ਮਾਂ ਨੂੰ ਮਿਲ ਸਕੇ।
ਦਮਦਮੀ ਟਕਸਾਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਭਾਈ ਹਵਾਰਾ, ਜੋ ਕਿ ਕੇਂਦਰੀ ਜੇਲ੍ਹ ਨੰਬਰ 15, ਮੰਡੋਲੀ, ਨਵੀਂ ਦਿੱਲੀ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ, ਉਨ੍ਹਾਂ ਵਿਰੁੱਧ ਹੋਰ ਸਾਰੇ ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ।
11 ਜੂਨ 2025 ਨੂੰ ਪੇਸ਼ ਕੀਤੀ ਪੈਰੋਲ ਅਰਜ਼ੀ ਡਾਇਰੈਕਟਰ ਜਨਰਲ ਆਫ਼ ਜੇਲ੍ਹ ਦਿੱਲੀ ਕੋਲ ਲੰਬਿਤ ਹੈ।
ਉਨ੍ਹਾਂ ਦੀ ਮਾਂ ਵਲੋਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਲਿਖੀ ਅਰਜ਼ੀ, ਦਿੱਲੀ ਦੇ ਗ੍ਰਹਿ ਮੰਤਰੀ ਅਸ਼ੀਸ਼ ਸੂਦ ਕੋਲ ਪੈਂਡਿੰਗ ਹੈ। ਦਮਦਮੀ ਟਕਸਾਲ ਨੇ ਇਨ੍ਹਾਂ ਦੋਵਾਂ ਅਧਿਕਾਰੀਆਂ ਤੋਂ ਮਾਮਲੇ ਵਿੱਚ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ।
ਸੰਤ ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ਜਿੰਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦਾ ਐਲਾਨ ਕੀਤਾ ਸੀ, ਉਹ ਅਜੇ ਤਕ ਲਾਗੂ ਨਹੀਂ ਹੋਇਆ।
ਉਨ੍ਹਾਂ 'ਚੋਂ ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੇੜਾ ਦੀ ਰਿਹਾਈ ਰੋਕੀ ਹੋਈ ਹੈ।
ਭਾਈ ਰਾਜੋਆਣਾ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਬੈਂਚ – ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ, ਅਤੇ ਜਸਟਿਸ ਐਨ.ਵੀ. ਅੰਜਾਰੀਆ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਚਿੰਤਾ ਜਤਾਈ।
ਬੈਂਚ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਰਾਜੋਆਣਾ ਦੇ ਮਾਮਲੇ ਵਿੱਚ ਦੇਰੀ ਅਤੇ ਚੁੱਪੀ ਇਕ ਦੋਸ਼ੀ ਨੂੰ ਮੌਤ ਦੀ ਸਜ਼ਾ ਦੇ ਪਰਛਾਵੇਂ ਹੇਠ ਰੱਖਣ ਵਾਲੀ ਗੰਭੀਰ ਉਲੰਘਣਾ ਹੈ।
ਦਮਦਮੀ ਟਕਸਾਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਤੁਰੰਤ ਉਮਰ ਕੈਦ ਵਿੱਚ ਬਦਲ ਕੇ ਰਾਹਤ ਦਿੱਤੀ ਜਾਵੇ।
ਉਕਤ ਵਫ਼ਦ ਵਿੱਚ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ, ਗਿਆਨੀ ਸਾਹਿਬ ਸਿੰਘ, ਡਾ. ਅਮਰਜੀਤ ਸਿੰਘ (ਸਰਪੰਚ), ਸਿੱਖ ਚਿੰਤਕ ਸ਼ਮਸ਼ੇਰ ਸਿੰਘ ਜੇਠੂਵਾਲ, ਗਿਆਨੀ ਗੁਰਵਿੰਦਰ ਸਿੰਘ ਸਰਮਸਤਪੁਰ, ਗਿਆਨੀ ਚਰਨਜੀਤ ਸਿੰਘ, ਗਿਆਨੀ ਸਤਨਾਮ ਸਿੰਘ, ਗਿਆਨੀ ਸੰਦੀਪ ਸਿੰਘ, ਅਤੇ ਗਿਆਨੀ ਗੁਰਪ੍ਰੀਤ ਸਿੰਘ ਸ਼ਾਮਲ ਸਨ।
Posted By:
5aab.media
Leave a Reply