ਸ੍ਰੀ ਭਗੌਤੀ ਜੀ ਸਹਾਇ।। ਵਾਹਿਗੁਰੂ ਜੀ ਕੀ ਫਤਹ।।
- ਪੰਜਾਬੀ
- 23 Jul,2025
ਵਾਹਿਗੁਰੂ ਜੀ ਕੀ ਫ਼ਤਹ।।
ਸ੍ਰੀ ਭਗਉਤੀ ਜੀ ਸਹਾਇ।।
ਸਤਿਗੁਰੂ ਜੀ ਦੀ ਕਿਰਪਾ ਸਦਕਾ ਜਦੋਂ ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਏ ਤਾਂ ਹਰਿਮੰਦਰ ਸਾਹਿਬ ਦੀ ਪੱਛਮੀ ਬਾਹੀ ਦੇ ਉੱਤੇ ਸੁਨਹਿਰੀ ਅੱਖਰਾਂ ਵਿਚ ਉਕਰੀ ਹੋਈ ਅਰਦਾਸ ਦੀ ਪਹਿਲੀ ਪਉੜੀ “ਪ੍ਰਿਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ” ਦੇ ਦਰਸ਼ਨ ਹੁੰਦੇ ਹਨ। ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰ ਬਿੰਦ ‘ਚੋਂ ਉਚਰੀ ਪਾਵਨ ਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ।
ਇਸ ਪਉੜੀ ਦੇ ਰਚਨਹਾਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਖ਼ੁਦ ਹਨ ਇਸ ਲਈ ਇਸ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤਕ ਦਾ ਜ਼ਿਕਰ ਹੈ, ਗੁਰੂ ਗੋਬਿੰਦ ਸਿੰਘ ਜੀ ਨਾ ਨਹੀਂ। ਕੁਦਰਤੀ ਤੌਰ ਤੇ ਜੇਕਰ ਇਸ ਦਾ ਲਿਖਾਰੀ ਕੋਈ ਹੋਰ ਹੁੰਦਾ ਤਾਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਜ਼ਰੂਰ ਲਿਖਦਾ। ਅਰਦਾਸ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਬਾਅਦ ਵਿਚ ਗੁਰੂ ਪੰਥ ਨੇ ਸ਼ਾਮਲ ਕੀਤਾ।
ਭਾਈ ਤਿਲੋਕਾ ਨਾਭੇ ਅਤੇ ਜੀਂਦ ਰਾਜ ਘਰਾਣੇ ਦਾ ਵਡੇਰਾ ਅਤੇ ਬਾਬਾ ਫੂਲ ਦਾ ਪੁੱਤਰ। ਇਸਨੇ ਆਪਣੇ ਛੋਟੇ ਭਾਈ ਰਾਮ ਸਿੰਘ ਦੇ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਜ਼ਰੀ ਵਿਚ ਸੰਮਤ ੧੭੬੩ ਨੂੰ ਸ੍ਰੀ ਦਮਦਮਾ ਸਾਹਿਬ ਅੰਮ੍ਰਿਤ ਪਾਨ ਕੀਤਾ। ਸਤਿਗੁਰੂ ਜੀ ਨੇ ਇਸ ਸਮੇਂ ਇਸ ਦੀ ਸਿੱਖੀ ਤੋਂ ਪ੍ਰਸੰਨ ਹੋ ਕੇ ਇਕ ਸ੍ਰੀ ਸਾਹਿਬ ਅਤੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ। ਇਸ ਸ੍ਰੀ ਸਾਹਿਬ ਤੇ ਇਕ ਪਾਸੇ ਅੰਕਤ ਹੈ – “ਸ੍ਰੀ ਭਗੌਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸਾਹੀ ਦਸ” ਅਤੇ ਦੂਸਰੇ ਪਾਸੇ ਹੈ – “ਪਾਤਸਾਹੀ ਦਸ”। ਸੱਚੇ ਪਾਤਸ਼ਾਹ ਨੇ ਕ੍ਰਿਪਾਨ ਨੂੰ ਅਕਾਲ ਪੁਰਖ ਦਾ ਪ੍ਰਤੱਖ ਸਰੂਪ ਮੰਨ ਕੇ ਇਸ ਨੂੰ ਸ੍ਰੀ ਸਾਹਿਬ ਵੀ ਕਿਹਾ। ਤਾਂ ਹੀ ਅਰਦਾਸ ਵਿਚ ਸ੍ਰੀ ਸਾਹਿਬ ਜੀ ਸਹਾਇ ਦੀ ਯਾਚਨਾ ਕੀਤੀ ਜਾਂਦੀ ਹੈ। ਬਿਹਾਰੀ ਕਵੀ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਸ੍ਰੀ ਸਾਹਿਬ ਕਹਿ ਕੇ ਮੁਖਾਤਬ ਹੁੰਦਾ ਹੈ:-
ਚਾਦਰ ਮੈਲੀ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ
ਬਹੁਤੇ ਦਾਗ ਲਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ
ਦਾਗਾਂ ਦੀ ਕੋਈ ਕੀਮਤ ਨਾਹੀ, ਮੈਂ ਕਿਉਂ ਕਰ ਹੱਛੀ ਹੋਵਾਂ
ਸ੍ਰੀ ਸਾਹਿਬ ਮੈਨੰ ਦਰਸ਼ਨ ਦੇਵੋ, ਮੈਂ ਸੱਚੇ ਸਾਬਣ ਧੋਵਾਂ।
ਸਿੱਖੀ ਭੇਖ ਵਿਚ ਪਹਿਲੀ ਵਾਰ ਅਰਦਾਸ ਵਿਚ “ਸ੍ਰੀ ਭਗੌਤੀ ਜੀ ਸਹਾਇ” ਤੋਂ ਮੁਨਕਰ ਹੋਣ ਵਾਲਾ ਬਾਬੂ ਤੇਜਾ ਸਿੰਘ ਭਸੋੜੀਆ ਸੀ। ਪੰਥ ਵਲੋਂ ਇਸ ਨੂੰ ਚਿਤਾਵਨੀ ਅਤੇ ਮੌਕਾ ਦੇਣ ਦੇ ਬਾਵਜੂਦ ਇਹ ਗੁਰੂ ਨਿੰਦਾਂ ਤੋਂ ਨਾ ਟੱਲਿਆ। ਅਖ਼ੀਰ ੧੯੨੮ ਵਿਚ ਇਸ ਨੂੰ ਅਤੇ ਇਸ ਦੇ ਸਾਥੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਨਖਾਹੀਆ ਕਰਾਰ ਕੀਤਾ ਅਤੇ ਇਹ ਤਨਖਾਹੀਆ ਹੀ ਸੰਸਾਰ ਤੋਂ ਕੂਚ ਕਰ ਗਿਆ। ਉਸ ਤੋਂ ਬਾਅਦ ਇਸ ਦੀ ਗੁਰੂ ਨਿੰਦਾ ਦੀ ਕਮਾਨ ਪ੍ਰਿੰਸੀਪਲ ਹਰਿਭਜਨ ਸਿੰਘ ਅਤੇ ਉਸਦੇ ਸਾਥੀਆਂ ਨੇ ਸੰਭਾਲੀ ਅਤੇ ਇਸ ਨੂੰ ਅੱਗੇ ਵਧਾਇਆ। ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਕੀਤੇ ਦਰਸ਼ਨ ਸਿੰਘ ਰਾਗੀ ਅਤੇ ਉਸ ਦੇ ਕੁਝ ਮਿਸ਼ਨਰੀ ਮੁਰੀਦ ਬਦਸਤੂਰ ਇਹ ਗੁਰੂ ਨਿੰਦਾ ਕਰੀ ਜਾ ਰਹੇ ਹਨ।
ਹਰ ਸਿੱਖ ਗ਼ੈਰ ਸਿੱਖ ਇਤਿਹਾਸਕਾਰ ਅਤੇ ਗੁਰਮਤਿ ਦੇ ਲਿਖਾਰੀ ਨੇ “ਸ੍ਰੀ ਭਗੌਤੀ ਜੀ ਸਹਾਇ” ਨੂੰ ਗੁਰਬਾਣੀ ਲਿਖ ਕੇ ਵਿਆਖਿਆ ਕੀਤੀ ਹੈ। ਇਸ ਲਈ ਇਹ ਗੰਭੀਰ ਚਿੰਤਾ ਦਾ ਵਿਸ਼ਾ ਸੀ ਕਿ “ਸ੍ਰੀ ਭਗੌਤੀ ਜੀ ਸਹਾਇ” ਨੂੰ ਦੇਵੀ ਦੀ ਅਰਾਧਨਾ (ਅਰਦਾਸ) ਦੱਸਣ ਦਾ ਸ੍ਰੋਤ ਕੀ ਹੈ?
ਕਿਹਾ ਜਾਂਦਾ ਹੈ ਕਿ ਸਾਂਇਸਦਾਨ ਆਰਕਮਿਡਜ਼ ਨੰਗਾ ਨਹਾ ਰਿਹਾ ਸੀ ਕਿ ਅਚਾਨਕ ਉਸਨੇ ਮਹਿਸੂਸ ਕੀਤਾ ਕਿ ਉਸਦਾ ਵਜ਼ਨ ਘਟ ਲਗ ਰਿਹਾ ਹੈ। ਇਸ ਤੋਂ ਉਸਨੂੰ ਅਹਿਸਾਸ ਹੋਇਆ ਕਿ ਹਰ ਵਸਤੂ ਜਾਂ ਧਾਤੂ ਜਦੋਂ ਪਾਣੀ ਵਿਚ ਜਾਂਦੀ ਹੈ ਤਾਂ ਉਸਦਾ ਵਜ਼ਨ ਅਨੁਪਾਤ ਮੁਤਾਬਕ ਘਟ ਜਾਂਦਾ ਹੈ। ਇਸ ਤੋਂ ਉਸਨੂੰ ਬਿਨਾਂ ਤੋੜ ਭੰਨ ਕੀਤੇ ਸੋਨੇ ਦੀ ਸ਼ੁੱਧਤਾ ਪਤਾ ਕਰਨ ਦਾ ਫਾਰਮੂਲਾ ਲੱਭ ਪਿਆ। ਉਹ ਉਸੇ ਤਰ੍ਹਾਂ ਹੀ ਉੱਠ ਕੇ ਯੂਨਾਨੀ ਲਫ਼ਜ਼ Eureka! Eureka! (ਲੱਭ ਲਿਆ! ਲੱਭ ਲਿਆ!) ਪੁਕਾਰਦਾ ਰਾਜ ਦਰਬਾਰ ਵਲ ਦੌੜ ਪਿਆ।
ਹੁਣ “ਸ੍ਰੀ ਭਗੌਤੀ ਜੀ ਸਹਾਇ” ਗੁਰਬਾਣੀ ਦੀ ਨਿੰਦਾ ਦਾ ਸ੍ਰੋਤ ਵੀ ਲੱਭ ਪਿਆ ਹੈ। ਇਹ ਬਾਬੂ ਤੇਜਾ ਸਿੰਘ ਭਸੋੜੀਆ ਨਹੀਂ ਬਲਕਿ ਇਸ ਤੋਂ ਵੀ ਤਕਰੀਬਨ ੫੦ ਸਾਲ ਪਹਿਲਾਂ ਆਰਯਾ ਸਮਾਜ ਦਾ ਮੋਢੀ ਦਯਾ ਨੰਦ ਸੀ। ਉਸ ਨੇ ਆਪਣੀ ਕਿਤਾਬ ਸਤਯਾਰਥ ਪ੍ਰਕਾਸ਼ ਵਿਚ ਭਗੌਤੀ ਨੂੰ ਦੇਵੀ ਦਸ ਕੇ ਨਵੀਂ ਹੀ ਕਹਾਣੀ ਘੜੀ -
“इन में गोविन्दसिंह जी शूरवीर हुए। जो मुसलमानों ने उनके पुरुषाओं को बहुत सा दुःख दिया था। उन से वैर लेना चाहते थे परन्तु इन के पास कुछ सामग्री न थी और इधर मुसलमानों की बादशाही प्रज्वलित हो रही थी। इन्होंने एक पुरश्चरण करवाया। प्रसिद्धि की कि मुझ को देवी ने वर और खड्ग दिया है कि तुम मुसलमानों से लड़ो; तुम्हारा विजय होगा।“
“ਇਨ ਮੇਂ ਗੋਵਿੰਦ ਸਿੰਘ ਜੀ ਸ਼ੂਰਵੀਰ ਹੁਏ। ਜੋ ਮੁਸਲਮਾਨੋਂ ਨੇ ਉਨਕੇ ਪੁਰੁਸ਼ਾਓਂ ਕੋ ਬਹੁਤ ਸਾ ਦੁਖ ਦਿਯਾ ਥਾ। ਉਨ ਸੇ ਵੈਰ ਲੇਨਾ ਚਾਹਤੇ ਥੇ ਪਰੰਤੁ ਇਨ ਕੇ ਪਾਸ ਕੁਛ ਸਾਮਗ੍ਰੀ ਨ ਥੀ ਔਰ ਇਧਰ ਮੁਸਲਮਾਨੋਂ ਕੀ ਬਾਦਸ਼ਾਹੀ ਪ੍ਰਜ੍ਵਲਿਤ ਹੋ ਰਹੀ ਥੀ। ਇਨ੍ਹੋਂ ਨੇ ਏਕ ਪੁਰਸ਼ਚਰਣ ਕਰਵਾਯਾ। ਪ੍ਰਸਿੱਧੀ ਕੀ ਕਿ ਮੁਝ ਕੋ ਦੇਵੀ ਨੇ ਵਰ ਔਰ ਖੜਗ ਦਿਯਾ ਹੈ ਕਿ ਤੁਮ ਮੁਸਲਮਾਨੋਂ ਸੇ ਲੜੋ; ਤੁਮ੍ਹਾਰਾ ਵਿਜਯ ਹੋਗਾ।“
ਦਯਾਨੰਦ ਦੀ ਇਹ ਇਤਿਹਾਸ ਅਤੇ ਗੁਰਮਤਿ ਵਿਰੋਧੀ ਲਿਖਤ ਹੀ ਬਾਬੂ ਤੇਜਾ ਸਿੰਘ ਭਸੋੜੀਏ ਵਲੋਂ “ਸ੍ਰੀ ਭਗੌਤੀ ਜੀ ਸਹਾਇ” ਨੂੰ ਦੇਵੀ ਦੀ ਅਰਾਧਨਾ ਦੱਸਣ ਦਾ ਆਧਾਰ ਹੈ।
ਦਯਾ ਨੰਦ ਨੇ ਨਾ ਕੇਵਲ ਭਗੌਤੀ ਨੂੰ ਦੇਵੀ ਦੱਸ ਕੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪਾਸੋਂ ਵਰ ਮੰਗਿਆ ਬਲਕਿ ਅੰਮ੍ਰਿਤ, ਪੰਜ ਕਕਾਰਾਂ, ਸ੍ਰੀ ਦਰਬਾਰ ਸਾਹਿਬ ਅਤੇ ਗੁਰੂ ਰਾਮ ਦਾਸ ਸਰੋਵਰ ਬਾਰੇ ਵੀ ਕੁਫ਼ਰ ਤੋਲਿਆ। ਉਸ ਦੀ ਇਹਨਾਂ ਸਾਰੀਆਂ ਲਿਖਤਾਂ ਨੂੰ ਵੀ ਇਹੀ ਦਸਮ ਵਿਰੋਧੀ “ਖੋਜ ਭਰਪੂਰ” ਦਸ ਕੇ ਨਾਸਤਿਕਤਾ ਦਾ ਪ੍ਰਚਾਰ ਕਰੀ ਜਾ ਰਹੇ ਹਨ। ਪੰਥਕ ਤਾਬ ਦੇ ਬਾਅਦ ਇਹ ਕੂੜ ਪ੍ਰਚਾਰ ਠੱਲਿਆ ਗਿਆ ਹੈ । ਪਰ ਪੰਥ ਨੂੰ ਲਗਾਤਾਰ ਸੁਚੇਤ ਰਹਿਣ ਦੀ ਲੋੜ ਹੈ।
੧੨ ਜੁਲਾਈ, ੨੦੨੫ ਗੁਰਚਰਨਜੀਤ ਸਿੰਘ ਲਾਂਬਾ
Posted By:
5aab.media
Leave a Reply