ਕਿਆ ਸੁਲਤਾਨ ਸਲਾਮ ਵਿਹੂਣਾ।।

ਆਰਜਾ ਇਕ ਸੁਣ ਤੂੰ ਆਰਜਾ ਹੈ ਬੀਤੀ ਜਾ ਰਹੀ

ਸਿਰਜਿਆ ਸੀ ਜੋ ਤਖ਼ਤ ਤੂੰ, ਨਦਰੀ ਨਹੀਂ ਹੈ ਆ ਰਿਹਾ

ਸੋਮਾਂ ਸੀ ਮੀਰੀ ਪੀਰੀ ਦਾ, 'ਤੇ ਤੂੰ ਹੀ ਸੈਂ ਬਿਰਾਜਦਾ

ਜਾਂ ਪੰਜਾਂ ਵਿਚ ਤੂੰ ਰਮ ਗਿਆ, ਜਾਂ-ਨਸ਼ੀਨ ਪੰਥ ਨੂੰ ਥਾਪ ਗਿਆ

ਪੰਥ ਨਤਮਸਤਕ ਹੋ ਗਿਆ, ਵਿਚ ਪੰਥ ਦੇ ਤੂੰ ਸਮਾ ਗਿਆ

ਫੂਲਾ ਸਿੰਘ ਜਿਹਾ ਹੋਵੇ ਜਥੇਦਾਰ, ਇਹ ਪ੍ਰਤੱਖ ਕਰ ਵਿਖਲਾ ਗਿਆ

ਦਰਬਾਰ ਅਤੇ ਤਖ਼ਤ ਦਾ, ਭੇਦ ਤੂੰ ਦਰਸਾ ਗਿਆ

ਸੰਗਤ ਲਈ ਦਰਬਾਰ ਹੈ, ‘ਤੇ ਤਖ਼ਤ ਸਾਹਵੇਂ ਸਿਰ ਝੁਕਾਣਾ

ਖਾਲਸੇ ਦਾ ਫਰਜ਼ ਹੈ ਇਹ, ਪੂਰਨੇ ਤੂੰ ਪਾ ਗਿਆ

ਆਦਿ ਜੁਗਾਦਿ ਤੂੰਹੀ, ਤੁੰਹੀ, ਪ੍ਰਤੱਖ ਤੂੰ ਹੀ ਦਰਸਾ ਗਿਆ

ਹੁਕਮ ਤੇਰਾ ਭੁਲਾ ਕੇ, ਗਰਦੁਆਰਾ ਇਹ ਕਿਸ ਬਣਾ ਲਿਆ

ਨਾ ਬੁੰਗਾ ਹੀ ਰਿਹਾ ਬਾਕੀ, ‘ਤੇ ਨਾ ਹੀ ਭਬਕ ਅਤੇ ਗਰਜ ਵੀ

ਸਲਾਮ ਵਿਹੂਣੇ ਧੜੇ ਰਹਿ ਗਏ, ਜਾਂ ‘ਨਿਸ਼ਾਚਰ’ ਜਥੇਦਾਰ

ਨਾ ਜਲਾਲੀ ਰੂਪ ਤੇਰਾ, ‘ਤੇ ਨਾ ਹੀ ਲਾਗੂ ਹੁੰਦੇ ਹੁਕਮ ਸੁਣੀਂਦੇ

ਰਾਜਨੀਤੀ ਦੇ ਕੂੜ ਰੰਗ ਨੇ, ਗ਼ਲਬਾ ਹੈ ਪੂਰਾ ਪਾ ਲਿਆ

ਬਿਰਦ ਤੇਰੇ ਤਖ਼ਤ ਦਾ, ਆਪੇ ਹੀ ਤੂੰ ਸੰਭਾਲ ਲੈ

‘ਮਸਕੀਨ’ ਦੀ ਤੂੰ ਕੂਕ ਸੁਣ, ਸੁਣ ਲੈ ਪੁਕਾਰ ਪੰਥ ਦੀ

ਇਹ ਆਰਜਾ ਇਕ ਸੁਣ ਤੂੰ, ਆਰਜਾ ਹੈ ਬੀਤੀ ਜਾ ਰਹੀ।

ਮੀਰੀ ਪੀਰੀ ਦੇ ਮਾਲਕਾ, ਆਰਜਾ ਹੈ ਬੀਤੀ ਜਾ ਰਹੀ।

(ਗੁਰਚਰਨਜੀਤ ਸਿੰਘ ਲਾਂਬਾ)


Posted By: 5aab.media