ਪੰਥ ਰਤਨ ਮਾਸਟਰ ਤਾਰਾ ਸਿੰਘ
- ਪੰਜਾਬੀ
- 24 Jun,2025
੨੪ ਜੂਨ, ੧੮੮੫ ਨੂੰ ਰਾਵਲਪਿੰਡੀ ਦੇ ਨਿਕੇ ਜਹੇ 'ਗਰਾਂ' ਹਰਿਆਲ ਵਿਚ ਜਨਮੇ ਮਾਸਟਰ ਤਾਰਾ ਸਿੰਘ ਜੀ ਦੇ ਜਨਮ ਦਾ ਇਹ ੧੪੦ਵਾਂ ਸਾਲ ਹੈ।ਦੇਸ਼ ਅਤੇ ਕੌਮ ਦੀ ਜੋ ਅਦੁੱਤੀ ਖਿਦਮਤ ਮਾਸਟਰ ਤਾਰਾ ਸਿੰਘ ਨੇ ਕੀਤੀ, ਜਾਪਦਾ ਹੈ ਕਿ ਨਾ ਕੇਵਲ ਦੇਸ਼ ਵਲੋਂ ਹੀ ਬਲਕਿ ਸਿੱਖ ਕੌਮ ਵਲੋਂ ਵੀ ਆਪਣੇ ਮਹਾਨ ਆਗੂ ਦੇ ਇਤਿਹਾਸਕ ਰੋਲ ਅਤੇ ਦੇਣ ਨੂੰ ਨਾ ਕੇਵਲ ਭੁਲਾ ਦਿਤਾ ਗਿਆ ਹੈ ਬਲਿਕ ਉਹਨਾਂ ਦੀ ਸ਼ਖਸੀਅਤ ਨਾਲ ਜਾਣ ਬੁਝ ਕੇ ਜਾਂ ਅਣਜਾਣੇ ਵਿਚ ਕਈ ਐਸੇ ਮਿਥਕ ਜੋੜ ਦਿੱਤੇ ਗਏ ਹਨ ਜੋ ਸਹੀ ਨਹੀਂ ਹਨ।
ਰਾਜਨੀਤਕ ਧਰਾਤਲ ਤੇ ਸਿਖ ਕੌਮ ਲਈ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦਾ ਰੁਤਬਾ, ਰੁਆਬ ਤੇ ਰੋਲ ਉਹੀ ਜਾਂ ਉਸ ਤੋਂ ਵੀ ਵੱਧ ਹੈ ਜੋ ਪਾਕਿਸਤਾਨ ਲਈ ਇਸਦੇ ਬਾਬਾ-ਏ ਕੌਮ ਮੁਹੰਮਦ ਅਲੀ ਜਿਨਾਹ ਅਤੇ ਹਿੰਦੁਸਤਾਨ ਲਈ ਇਸਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਹੈ। ਬਾ-ਸ਼ਊਰ ਅਤੇ ਬਾ-ਵਕਾਰ ਕੌਮਾਂ ਆਪਣੇ ਬਜ਼ੁਰਗਾਂ ਦੀ ਯਾਦ ਅਤੇ ਦੇਣ ਨੂੰ ਚੇਤੇ ਰਖਦੀਆਂ ਹਨ ਜੋ ਕਿ ਆਉਣ ਵਾਲੇ ਸਮੇਂ ਲਈ ਪੂਰਨੇ ਪਾ ਕੇ ਜਾਂਦੇ ਹਨ।
ਪਾਕਿਸਤਾਨ ਅਤੇ ਹਿੰਦੁਸਤਾਨ ਨੇ ਆਪਣੇ ਰਹਿਬਰਾਂ ਅਤੇ ਆਗੂਆਂ ਨੂੰ ਨਾ ਕੇਵਲ ਬਣਦਾ ਸਨਮਾਨ ਦੇ ਕੇ ਆਪਣਾ ਫ਼ਰਜ਼ ਪੂਰਾ ਕੀਤਾ ਬਲਕਿ ਆਪਣੀ ਕੌਮੀ ਇਜ਼ੱਤ ਵਿਚ ਵੀ ਵਾਧਾ ਕੀਤਾ। ਮਾਸਟਰ ਜੀ ਦੇ ਰੋਲ ਦਾ ਪੱਖ ਪਾਤ ਰਹਿਤ ਅਤੇ ਇਮਾਨਦਾਰਾਨਾ ਪੰਥ ਪ੍ਰਤੀ ਵਿਸ਼ਲੇਸ਼ਣ ਤਾਂ ਇਹ ਹੈ ਕਿ ਮਾਸਟਰ ਤਾਰਾ ਸਿੰਘ ਨੇ ੧੯੪੨-੧੯੪੭ ਦੇ ਅਹਿਮ ਵਖਫ਼ੇ ਦੌਰਾਨ ਇਤਿਹਾਸਕ ਰੋਲ ਅਦਾ ਕੀਤਾ ਜਿਸ ਨਾਲ ਨਾ ਕੇਵਲ ਖਿੱਤੇ ਅਦੇ ਕੌਮ ਦਾ ਇਤਿਹਾਸ ਬਲਕਿ ਉਸਦਾ ਭੂਗੋਲ ਵੀ ਪ੍ਰਭਾਵਤ ਹੋਇਆ। ਦੂਜੇ ਵਿਸ਼ਵ ਯੁੱਧ ਦੇ ਬਾਅਦ ਜਦੋਂ ਅੰਗਰੇਜ ਦੇਸ਼ ਛੱਡ ਕੇ ਜਾ ਰਹੇ ਸਨ ਉਸ ਸਮੇਂ ਕਾਂਗਰਸ, ਮੁਸਲਿਮ ਲੀਗ ਅਤੇ ਅੰਗਰੇਜ਼ਾਂ ਵਲੋਂ ਦੇਸ਼ ਦੀ ਵੰਡ ਪ੍ਰਵਾਨ ਕਰ ਲਏ ਜਾਣ ਦੇ ਬਾਵਜੂਦ ਪੰਜਾਬ ਦੀ ਵੰਡ ਕਰਵਾਣੀ ਇਕ ਨਾ-ਮੁਮਕਿਨ ਇਤਿਹਾਸਕ ਕਾਰਨਾਮਾ ਸੀ। ਦੇਸ਼ ਦੀ ਵੰਡ ਸਮੇਂ ਤਿੰਨ ਪ੍ਰਵਾਨਤ ਧਿਰਾਂ ਮੰਨੀਆਂ ਗਈਆਂ ਸਨ, 'ਹਿੰਦੂ ਕਾਂਗਰਸ', 'ਮੁਸਲਿਮ ਲੀਗ' ਅਤੇ 'ਸਿੱਖ ਅਕਾਲੀ ਦਲ'। ਪਹਿਲਾਂ ਇਨਕਾਰ ਫਿਰ ਇਕਰਾਰ। ਰਾਜਾ ਗਾਂਧੀ ਫਾਰਮੂਲੇ ਨੂੰ ਆਖਿਰ ਕਾਂਗਰਸ ਨੇ ਪ੍ਰਵਾਨ ਕਰ ਲਿਆ। ਇਸ ਮੁਤਾਬਕ ਕਾਂਗਰਸ ਅਤੇ ਮੁਸਲਿਮ ਲੀਗ ਭਾਰਤ ਦੀ ਵੰਡ ਲਈ ਰਜ਼ਾਮੰਦ ਹੋ ਗਏ। ਇਸ ਨਾਲ ਤਕਰੀਬਨ ਪੂਰੇ ਦਾ ਪੂਰਾ ਪੰਜਾਬ ਪਾਕਿਸਤਾਨ ਦਾ ਹਿੱਸਾ ਹੋਣਾ ਮੰਨ ਲਿਆ ਗਿਆ। ਹਿੰਦੁਸਤਾਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਦਿੱਲੀ ਦੇ ਨੇੜੇ ਮੰਨ ਲਈਆਂ ਗਈਆਂ। ਇਹ ਪੰਜਾਬ ਅਤੇ ਖਾਸ ਕਰ ਕੇ ਸਿੱਖ ਕੌਮ ਲਈ ਬਹੁਤ ਹੀ ਭਿਆਨਕ ਮੰਜ਼ਰ ਸੀ। ਇਸ ਨਾਲ ਹਿੰਦੁਸਤਾਨ ਵਿਚ ਵਸਦੇ ਤਕਰੀਬਨ ੮੫ ਲੱਖ ਸਿੱਖ ਦੋ ਹਿੱਸਿਆਂ ਵਿਚ ਵੰਡੇ ਜਾਣੇ ਸਨ। ਪੰਜਾਹ ਲੱਖ ਦੇ ਕਰੀਬ ਇਸਲਾਮਿਕ ਪਾਕਿਸਤਾਨ ਵਿਚ ਅਤੇ ੩੫ ਲੱਖ ਹਿੰਦੁਸਤਾਨ ਵਿਚ। ਇਸ ਨਾਲ ਦੇਸ਼ ਹੀ ਨਹੀਂ ਬਲਕਿ ਸਿੱਖ ਕੌਮ ਦੋ ਟੋਟੇ ਹੋਣੇ ਸਨ। ਦੇਸ਼ ਦੀ ਵੰਡ ਫਿਰਕਾਦਾਰਾਨ ਆਧਾਰ ਤੇ ਮੰਨੀ ਗਈ। ਜਿਸ ਪਰਜਾਤੰਤਰ ਜਾਂ ਡੈਮੋਕਰੇਸੀ ਦਾ ਆਧਾਰ ਹੀ ਫਿਰਕੇ ਦਾਰਾਨਾ ਹੋਏ ਉਸ ਵਿਚ ਧਾਰਮਿਕ ਘਟ ਗਿਣਤੀ ਦਾ ਭਵਿੱਖ ਕਿਸੇ ਅਨੁਮਾਨ ਦਾ ਮੁਥਾਜ ਨਹੀਂ। ਉਸ ਸਮੇਂ ਪੰਜਾਬ ਲਈ ਕੇਵਲ ਕੇਵਲ ਇਕ ਹੀ ਰਾਹ ਦਿੱਤਾ ਗਿਆ ਕਿ ਉਹ ਸਾਰੇ ਦੇ ਸਾਰੇ ਪੰਜਾਬ ਨੂੰ ਪਾਕਿਸਤਾਨ ਦਾ ਹਿੱਸਾ ਮੰਨ ਕੇ ਉਸ ਵਿਚ ਸ਼ਾਮਲ ਹੋ ਜਾਣ ਅਤੇ ਪੰਜਾਬੀਆਂ ਦੇ ਦੋ ਟੁਕੜੇ ਹੋ ਜਾਣ। ਇਸ ਬਿਖੜੇ ਹਾਲਾਤ ਵਿਚ ਪੂਰੇ ਪੰਜਾਬੀਆਂ ਨੇ ਆਪਣਾ ਆਗੂ ਮਾਸਟਰ ਤਾਰਾ ਸਿੰਘ ਨੂੰ ਮੰਨਿਆ। ਸ਼੍ਰੋਮਣੀ ਅਕਾਲੀ ਦਲ ਦਾ ਉਸ ਵੇਲੇ ਦਾ ਸਟੈਂਡ ਸੀ ਕਿ ਜਿਸ ਆਧਾਰ ਤੇ ਮੁਸਲਿਮ ਲੀਗ ਨੇ ਭਾਰਤ ਦੀ ਵੰਡ ਮੰਗੀ ਹੈ ਉਸੇ ਆਧਾਰ ਤੇ ਪੰਜਾਬ ਨੂੰ ਵੀ ਵੰਡਿਆ ਜਾਏ। ਮੁਸਲਿਮ ਲੀਗ ਨੂੰ ਇਹ ਮਨਜ਼ੂਰ ਨਹੀਂ ਸੀ। ਪਰ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਪੰਜਾਬ ਦੀ ਵੰਡ ਮੰਗੀ ਗਈਅਤੇ ਪੂਰੀ ਹੋਈ। ਇਸ ਨਾਲ ਹਿੰਦ-ਪਾਕਿਸਤਾਨ ਦੀਆਂ ਸਰਹੱਦਾਂ ਦਿੱਲੀ ਦੀ ਬਜਾਇ ਲਾਹੌਰ, ਸਿਆਲਕੋਟ, ਕਸੂਰ ਦੇ ਨੇੜੇ ਹੋਈਆਂ। ਪਰ ਭਾਰਤ ਅਤੇ ਭਾਰਤ ਵਾਸੀਆਂ ਨੇ ਇਸ ਦਾ ਜ਼ਿਕਰ ਕਰਨਾ ਵੀ ਮੁਨਾਸਬ ਨਾ ਸਮਝਿਆ ਹੈ। ਅਲਬਤਾ, ਭਾਰਤ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਚਕਰਵਰਤੀ ਰਾਜਾ ਗੋਪਾਲਾਚਾਰੀਆ ਨੇ ਕਿਹਾ ਸੀ ਕਿ ਹਿੰਦੁਸਤਾਨ ਦਾ ਮੌਜੂਦਾ ਨਕਸ਼ਾ ਮਾਸਟਰ ਤਾਰਾ ਸਿੰਘ ਜੀ ਦੀ ਦੇਣ ਹੈ। ਪਰ ਗਿਣੀ ਮਿਥੀ ਅਤੇ ਡੂੰਘੀ ਸਾਜ਼ਿਸ਼ ਅਧੀਨ ਨਾ ਕੇਵਲ ਮਾਸਟਰ ਜੀ ਅਤੇ ਉਹਨਾਂ ਦੀ ਅਗਵਾਈ ਵਿਚ ਸਿਖਾਂ ਦੇ ਤਤਕਾਲੀਨ ਰੋਲ ਨੂੰ ਹੀ ਨਕਾਰਿਆ ਅਤੇ ਗੰਧਲਾਇਆ ਗਿਆ ਹੈ ਬਲਕਿ ਉਹਨਾਂ ਬਾਰੇ ਤੱਥ ਹੀਣ ਮਿੱਥ ਵੀ ਸਿਰਜੇ ਅਤੇ ਪਰਚਾਰੇ ਗਏ ਹਨ।
ਭਾਰਤ ਅਤੇ ਭਾਰਤੀਆਂ ਵਲੋਂ ਤਾਂ ਮਾਸਟਰ ਜੀ ਦੀ ਦੇਣ ਨੂੰ ਪੂਰੀ ਤਰਾਂ ਹੀ ਅਣਗੌਲਿਆ ਕਰ ਦੇਣਾ ਸਮਝ ਆ ਸਕਦਾ ਹੈ ਪਰ ਸਿਖ ਲੀਡਰਸ਼ਿਪ ਵਲੋਂ ਇਹੀ ਕਾਰਵਾਈ ਸ਼ਿਬਲੀ ਦੇ ਫ਼ੁਲ ਮਾਰਨ ਤੁਲ ਹੈ। ਇਸ ਤੋਂ ਵੱਧ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਦੇਸ਼ ਅਤੇ ਦੇਸ਼ਵਾਸੀਆਂ ਲਈ ਇਤਨਾ ਕੁਝ ਕਰਣ ਵਾਲੇ ਮਾਸਟਰ ਤਾਰਾ ਸਿੰਘ ਜੀ ਦੇ ਨਾਮ ਤੇ ਪੱਛਮੀ ਦਿੱਲੀ ਵਿਚ ਬਣੇ ਮਾਸਟਰ ਤਾਰਾ ਸਿੰਘ ਪਾਰਕ ਦਾ ਨਾਮ ਵੀ ਬਦਲ ਦਿੱਤਾ ਗਿਆ। ਉਪਰੰਤ ਮਾਸਟਰ ਜੀ ਦੇ ਬੁਤ ਲਈ ਕੋਈ ਸਰਕਾਰੀ ਥਾਂ ਤਕ ਵੀ ਨਾ ਪ੍ਰਦਾਨ ਕੀਤੀ ਗਈ ਅਤੇ ਇਹ ਬੁਤ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਜ਼ਮੀਨ ਤੇ ਲਗਾਣਾ ਪਿਆ। 'ਦੋ ਗਜ਼ ਜ਼ਮੀਂ ਭੀ ਨਾ ਮਿਲੀ ਕੂਏ ਯਾਰ ਮੇਂ।
ਮਾਸਟਰ ਤਾਰਾ ਸਿੰਘ ਜੀ 1920 ਤੋਂ ਲੈ ਕੇ 1970 ਤਕ ਦੇ ਪੰਜਾਬ ਦੇ ਇਤਿਹਾਸ ਦੇ ਕੇਂਦਰੀ ਬਿੰਦੂ ਅਤੇ ਸੂਤਰਧਾਰ ਰਹੇ ਹਨ। ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਕਮੇਟੀ ਦੀ ਕਾਇਮੀ, ਦੇਸ਼ ਦੀ ਵੰਡ ਸਮੇਂ ਸਿਖ ਕੌਮ ਦੀ ਤੀਸਰੀ ਧਿਰ ਵਜੋਂ ਪ੍ਰਵਾਨਗੀ ਅਤੇ ਬਾਅਦ ਵਿਚ ਪੰਜਾਬੀ ਸੂਬੇ ਦੀ ਜਦੋਜਹਿਦ ਅਤੇ ਆਪਣੇ ਜੀਵਨ ਕਾਲ ਦੀ ਸੰਧਿਆ ਸਮੇਂ 'ਸਿਖ ਹੋਮਲੈਂਡ' ਦੀ ਪ੍ਰਾਪਤੀ ਲਈ ਜੂਝਣਾ ਮਾਸਟਰ ਜੀ ਦੀ ਜੁਝਾਰੂ ਬਿਰਤੀ ਅਤੇ ਉਹਨਾਂ ਦੇ ਦ੍ਰਿੜ ਇਰਾਦੇ ਨੂੰ ਦਰਸਾਂਦਾ ਹੈ। ਇਸ ਵਿਚ ਰੰਚਕ ਮਾਤਰ ਵੀ ਅਤਿਕਥਨੀ ਨਹੀਂ ਕਿ ਮਾਸਟਰ ਜੀ ਦੇ ਜੀਵਨ ਕਾਲ ਵਿਚ ਜਿਸ ਕਿਸੇ ਨੇ ਵੀ ਪੰਜਾਬ ਅਤੇ ਪੰਥਕ ਪਿੜ ਵਿਚ ਕੋਈ ਰੁਤਬਾ ਜਾਂ ਪ੍ਰਵਾਨਗੀ ਪ੍ਰਾਪਤ ਕੀਤੀ ਹੈ ਤਾਂ ਉਹ ਮਾਸਟਰ ਜੀ ਦੀ ਵਿਰੋਧਤਾ ਕਰਕੇ ਜਾਂ ਉਹਨਾਂ ਦੀ ਹਿਮਾਇਤ ਕਰਕੇ ਹੀ ਹਾਸਿਲ ਕੀਤੀ ਹੈ। ਮਾਸਟਰ ਤਾਰਾ ਸਿੰਘ ਨੇ ਪੰਥ ਦੇ ਦਿਲਾਂ ਤੇ ੫੦ ਸਾਲ ਰਾਜ ਕੀਤਾ। ਕੋਈ ਵੀ ਧਿਰ ਜਾਂ ਸਰਕਾਰ ਨਾ ਤਾਂ ਮਾਸਟਰ ਜੀ ਨੂੰ ਖਰੀਦ ਹੀ ਸਕੀ ਅਤੇ ਨਾ ਹੀ ਕਦੇ ਉਹਨਾਂ ਨੂੰ ਡਰਾ ਜਾਂ ਦਬਕਾ ਹੀ ਸਕੀ । ਪਰ ਸਿਰਦਾਰ ਕਪੂਰ ਸਿੰਘ ਅਨੁਸਾਰ ਮਾਸਟਰ ਜੀ ਦੇ ਜੀਵਨ ਕਾਲ ਦੇ ਅਖ਼ੀਰਲੇ ਸਮੇਂ ਵਿਚ ਚਾਣਕਿਯਾ ਨੀਤੀ ਦੀਆਂ ਕੁਚਾਲਾਂ ਨਾਲ ਆਪਣਿਆਂ ਰਾਹੀਂ ਹੀ ਮਾਸਟਰ ਜੀ ਨੂੰ ਪੰਥਕ ਪਿੜ ਵਿਚੋਂ ਦਰ-ਬਦਰ ਕੀਤਾ ਗਿਆ। ਅਤੇ ਇਸਦੇ ਨਾਲ ਹੀ ਮਾਸਟਰ ਜੀ ਦੀ ਦੇਣ ਨੂੰ ਅਤੇ ਪੰਥ ਨੂੰ ਆਪਣੇ ਨਿਸ਼ਾਨੇ ਤੋਂ ਭਟਕਾਉਣ ਲਈ ਇਹ ਭੰਡੀ ਪ੍ਰਚਾਰ ਕੀਤਾ ਗਿਆ ਕਿ,
• ਦੇਸ਼ ਦੀ ਵੰਡ ਸਮੇਂ ਸਿਖ ਸਟੇਟ ਜਾਂ ਖਾਲਿਸਤਾਨ ਮਿਲਦਾ ਸੀ ਪਰ ਮਾਸਟਰ ਤਾਰਾ ਸਿੰਘ ਨੇ ਨਹੀਂ ਲਿਆ।
• 1947 ਵਿਚ ਮਾਸਟਰ ਤਾਰਾ ਸਿੰਘ ਨੇ ਲਾਹੌਰ ਕਿਲੇ ਤੇ ਲਗਾ ਪਾਕਿਸਤਾਨ ਦਾ ਝੰਡਾ ਫ਼ਾੜਿਆ ਸੀ।
• ਡਾਕਟਰ ਅੰਬੇਦਕਰ ਸਿੰਘ ਸਜਣਾ ਚਾਹੁੰਦੇ ਸਨ ਪਰ ਮਾਸਟਰ ਜੀ ਨੇ ਇਹ ਨਹੀਂ ਹੋਣ ਦਿੱਤਾ।
ਸਿਖ ਸਟੇਟ
ਦੇਸ਼ ਦੀ ਵੰਡ ਸਮੇਂ ਦੀਆਂ ਸਾਰੀਆਂ ਮੀਟਿੰਗਾਂ ਅਤੇ ਗਲਬਾਤ ਦੇ ਸਾਰੇ ਦਸਤਾਵੇਜ਼ ਹੁਣ ਮੌਜੂਦ ਹਨ। ਕਿਸੇ ਵੀ ਲਿਖਤ, ਦਸਤਾਵੇਜ਼ ਜਾਂ ਰਿਕਾਰਡ ਵਿਚ ਆਜ਼ਾਦ ਸਿਖ ਸਟੇਟ ਜਾਂ ਖਾਲਿਸਤਾਨ ਮਿਲਣ ਜਾਂ ਪੇਸ਼ਕਸ਼ ਦਾ ਕੋਈ ਵੀ ਜ਼ਿਕਰ ਨਹੀਂ ਹੈ। ਦੇਸ਼ ਦੀ ਵੰਡ ਤੇ ਗੰਭੀਰਤਾ ਨਾਲ ਖੋਜ ਕਰਨ ਵਾਲੇ ਉੱਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਜੀ ਮੁਤਾਬਕ ਇਹ ਹਿੰਦੂਆਂ ਵਲੋਂ ਕੀਤਾ ਗਿਆ ਪ੍ਰਾਪੇਗੰਡਾ ਹੈ। ਉਹ ਇਸ ਬਾਰੇ ਦਸਦੇ ਹਨ ਕਿ ਸਿਖ ਸਟੇਟ ਜਾਂ ਖਾਲਿਸਤਾਨ ਨਹੀਂ ਬਲਕਿ ਪਾਕਿਸਤਾਨ ਦੇ ਕਾਇਦ ਮੁਹਮੰਦ ਅਲੀ ਜਿਨਾਹ ਵਲੋਂ ਸਿਖਾਂ ਨੂੰ ਮੁਸਲਿਮ 'ਨੇਸ਼ਨ' ਪਾਕਿਸਤਾਨ ਵਿਚ 'ਸਬ-ਨੇਸ਼ਨ' ਦੀ ਅਧੀਨਗੀ ਵਾਲੇ ਰੁਤਬੇ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਪੇਸ਼ਕਸ਼ ਵੀ ਲਿਖਤੀ ਨਹੀਂ ਬਲਕਿ ਮੂੰਹ ਜ਼ਬਾਨੀ ਸੀ ਅਤੇ ਮਾਸਟਰ ਜੀ ਵਲੋਂ ਇਹ ਪੁਛੇ ਜਾਣ ਤੇ ਕਿ ਕੀ ਦਸ ਸਾਲ ਬਾਅਦ ਜੇ ਸਿਖ ਇਸ ਮੁਸਲਿਮ ਸਟੇਟ ਤੋਂ ਬਾਹਰ ਆਣਾ ਚਾਹੁਣ ਗੇ ਤਾਂ ਕੀ ਇਸ ਦੀ ਇਜਾਜ਼ਤ ਹੋਏਗੀ। ਜਿਨਾਹ ਦਾ ਸਪਸ਼ਟ ਉੱਤਰ ਸੀ, 'ਬਿਲਕੁਲ ਨਹੀਂ'। ਸੋ ਇਹ ਸਿਖ ਸਟੇਟ ਜਾਂ ਖਾਲਿਸਤਾਨ ਮਿਲਣ ਅਤੇ ਇਸ ਤੋਂ ਇਨਕਾਰ ਕਰਣ ਦੀ ਗਲ ਮਹਿਜ਼ ਸ਼ੋਸ਼ਾ ਅਤੇ ਭੰਡੀ ਪਰਚਾਰ ਹੈ।
ਪਾਕਿਸਤਾਨ ਦਾ ਝੰਡਾ (ਪਰਚਮ) ਫ਼ਾੜਨ ਦੀ ਕਹਾਣੀ
ਇਕ ਹੋਰ ਕਹਾਣੀ ਪ੍ਰਚਾਰਿਤ ਕੀਤੀ ਗਈ ਕਿ ੩ ਮਾਰਚ, ੧੯੪੭ ਨੂੰ ਮਾਸਟਰ ਤਾਰਾ ਸਿੰਘ ਨੇ ਲਾਹੌਰ ਅਸੰਬਲੀ ਤੇ ਲਗਾ ਪਾਕਿਸਤਾਨ ਦਾ ਝੰਡਾ ਫ਼ਾੜ ਦਿਤਾ ਸੀ। ਮਾਰਚ ੧੯੪੭ ਵਿਚ ਜਦੋਂ ਖਿਜ਼ਰ ਹਯਾਤ ਦੀ ਯੂਨੀਅਨਿਸਟ ਵਜ਼ਾਰਤ ਹਾਰ ਗਈ ਅਤੇ ਉਸਦੀ ਬਜਾਇ ਮੁਸਲਿਮ ਲੀਗ ਦੀ ਵਜ਼ਾਰਤ ਬਣਨੀ ਸੀ ਤਾਂ ਉਸ ਵੇਲੇ ਪੰਜਾਬ ਦੀ ਸਾਰੀ ਦੀ ਸਾਰੀ ਹਿੰਦੂ-ਸਿਖ ਜਨਤਾ ਅਕਾਲੀ ਦਲ ਅਤੇ ਮਾਸਟਰ ਜੀ ਨੂੰ ਆਪਣਾ ਆਗੂ ਮਨ ਚੁਕੀ ਸੀ। ਇਹ ਪੰਥ ਤੇ ਇਕ ਗੰਭੀਰ ਸੰਕਟ ਸੀ ਕਿ ਦੇਸ਼ ਦਾ ਬਟਵਾਰਾ ਨਹੀਂ ਬਲਕਿ ਸਿਖਾਂ ਦਾ ਬਟਵਾਰਾ ਹੋਣਾ ਸੀ। ਉੱਤਰੀ-ਦੱਖਣੀ ਕੋਰੀਆ, ਪੂਰਬੀ-ਪੱਛਮੀ ਜਰਮਨੀ ਆਦਿ ਦੀ ਤਰਜ਼ ਤੇ ਸਿੱਖ ਕੌਮ ਦੋ ਟੁਕੜਿਆਂ ਵਿਚ ਵੰਡੀ ਜਾਣੀ ਸੀ। ਅੱਧੀ ਪਾਕਿਸਤਾਨ ਦੇ ਅਧੀਨ ਅਤੇ ਅੱਧੀ ਹਿੰਦੁਸਤਾਨ ਦੇ ਅਧੀਨ। ਸਿੱਖ ਪੰਥ ਲਈ ਇਹ ਇਕ ਲਗਾਤਾਰ ਕਾਇਮ ਰਹਿਣ ਵਾਲਾ ਘੱਲੂਘਾਰਾ ਸਾਬਿਤ ਹੋਣਾ ਸੀ। ਮਾਸਟਰ ਜੀ ਨੇ ਉਸ ਸਮੇਂ ਪੰਜਾਬ ਦੇ ਬਟਵਾਰੇ ਦੀ ਮੰਗ ਕੀਤੀ। ਕੌਮ ਦੇ ਵਾਹਿਦ ਅਤੇ ਸ਼ੇਰ ਦਿਲ ਅਤੇ ਦੂਰਅੰਦੇਸ਼ ਆਗੂ ਮਾਸਟਰ ਤਾਰਾ ਸਿੰਘ ਨੇ ਸੰਕਟ ਦੀ ਇਸ ਘੜੀ ਵਿਚ ਲਾਹੌਰ ਅਸੰਬਲੀ ਦੇ ਬਾਹਰ ਮੁਸਲਿਮ ਲੀਗ ਹਜੂਮ ਦੇ ਸਾਹਮਣੇ ਆਪਣੀ 'ਸ੍ਰੀ ਸਾਹਿਬ' ਚੁਕ ਕੇ 'ਪਾਕਿਸਤਾਨ ਮੁਰਦਾਬਾਦ' ਦਾ ਨਾਅਰਾ ਮਾਰਿਆ। ਇਸ ਨਾਲ ਹਾਲਾਤ ਨੇ ਐਸਾ ਪਲਟਾ ਖਾਧਾ ਕਿ ਮੁਸਲਿਮ ਲੀਗ ਦੀ ਪੂਰੇ ਪੰਜਾਬ ਨੂੰ ਪਾਕਿਸਤਾਨ ਦਾ ਹਿੱਸਾ ਬਣਾਣ ਦਾ ਸੁਫ਼ਨਾ ਚਕਨਾਚੂਰ ਹੋਇਆ ਅਤੇ ਬਾਉਂਡਰੀ ਕਮੀਸ਼ਨ ਦੁਬਾਰਾ ਬਣਿਆ ਅਤੇ ਪੰਜਾਬ ਦਾ ਬਟਵਾਰਾ ਹੋਇਆ।
ਡਾ. ਅੰਬੇਦਕਰ ਅਤੇ ਸਿਖ
ਇਕ ਹੋਰ ਭੰਡੀ ਪਰਚਾਰ ਕੀਤਾ ਜਾਂਦਾ ਹੈ ਕਿ ਉਸ ਸਮੇਂ ਬਾਬਾ ਸਾਹਿਬ ਡਾ. ਅੰਬੇਦਕਰ ਕਰੋੜਾਂ ਅਖੌਤੀ ਅਛੂਤਾਂ ਸਮੇਤ ਸਿੱਖ ਬਣਨਾ ਚਾਹੁੰਦੇ ਸਨ ਪਰ ਮਾਸਟਰ ਜੀ ਨੇ ਇਸ ਵਿਚ ਰੁਕਾਵਟ ਪਾਈ । ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਆਪਣੇ ਸਾਰੇ ਫ਼ਰਜ਼ ਅਦਾ ਕਰ ਕੇ ਬੰਬਈ ਵਿਚ ਖਾਲਸਾ ਕਾਲਜ ਬਣਵਾਇਆ, ਭਾਰਤ ਵਿਚ ਕਈ ਥਾਵੇਂ ਅਲੀਗੜ੍ਹ, ਹਾਪੁੜ, ਏਰਨਾਕੁਲਮ ਆਦਿ ਥਾਵਾਂ ਤੇ ਸਿੱਖ ਮਿਸ਼ਨ ਕਾਇਮ ਕੀਤੇ। ਇਸ ਬਾਰੇ ਹੁਣ ਸਾਰੇ ਦਸਤਾਵੇਜ਼ ਮੌਜੂਦ ਹਨ। ਇਸ ਵਿਚ ਵੱਡੀ ਰੁਕਾਵਟ ਬਣੀ ਮਹਾਤਮਾ ਗਾਂਧੀ ਦਾ ਇਹ ਕਹਿਣਾ ਕਿ ਜੇ ਅਛੂਤ ਸਿਖ ਬਣ ਗਏ ਤਾਂ ਮੈਂ ਮਰਨ ਵਰਤ ਰਖ ਲਵਾਂ ਗਾ।
ਮਾਸਟਰ ਤਾਰਾ ਸਿੰਘ ਜੀ ਦੀ ਦੇਣ ਅਤੇ ਪੰਥ ਦੀ ਬੇਲਾਗ ਸੇਵਾ ਅਦੁੱਤੀ ਹੈ। ਦੂਸਰੀ ਆਲਮੀ ਜੰਗ, ਵਿਸ਼ਵ ਯੁਧ ਦੌਰਾਨ ੧੯੪੨ ਵਿਚ ਕਾਂਗਰਸ ਨੇ 'ਦੇਸ਼ ਛੱਡੋ' ਦਾ ਨਾਅਰਾ ਦੇ ਕੇ ਫ਼ੌਜ ਭਰਤੀ ਦੇ ਬਾਈਕਾਟ ਦਾ ਨਾਅਰਾ ਦਿੱਤਾ। ਦੂਰ-ਅੰਦੇਸ਼ ਮਾਸਟਰ ਤਾਰਾ ਸਿੰਘ ਨੇ ਆਉਣ ਵਾਲੇ ਸਮੇਂ ਦੀ ਨਜ਼ਾਕਤ ਵੇਖਦਿਆਂ ਸਿਖਾਂ ਨੂੰ ਵੱਧ ਤੋਂ ਵੱਧ ਫ਼ੌਜ ਵਿਚ ਭਰਤੀ ਹੋਣ ਦਾ ਸੰਦੇਸ਼ ਦਿੱਤਾ। ਇਸ ਸਮੇਂ ਵਿਚ ਬੜੀ ਵੱਡੀ ਗਿਣਤੀ ਵਿਚ ਸਿਖ ਫ਼ੌਜ ਵਿਚ ਭਰਤੀ ਹੋਏ। ਇਤਿਹਾਸ ਨੇ ਮਾਸਟਰ ਜੀ ਦੀ ਸੂਝ ਅਤੇ ਨਿਰਣੇ ਦੀ ਗਵਾਹੀ ਦਿੱਤੀ ਹੈ ਕਿ ੧੯੪੭ ਵਿਚ ਦੇਸ਼ ਦੀ ਵੰਡ ਸਮੇਂ ਅਤੇ ਬਾਅਦ ਵਿਚ ਵੀ ੧੯੪੭ ਦੇ ਕਬਾਇਲੀ ਹਮਲੇ ਉਪਰੰਤ ੧੯੬੨, ੧੯੬੫ ਅਤੇ ੧੯੭੧ ਦੀ ਜੰਗ ਦੌਰਾਨ ਜੇ ਦੇਸ਼ ਦਾ ਬਚਾਅ ਹੋਇਆ ਹੈ ਤਾਂ ਉਹ ੧੯੪੨ ਵਿਚ ਵੱਡੀ ਗਿਣਤੀ ਵਿਚ ਸਿਖਾਂ ਦੇ ਭਰਤੀ ਹੋਣ ਕਰਕੇ ਹੀ ਹੋਇਆ ਹੈ। ਡਾਕਟਰ ਕਿਰਪਾਲ ਸਿੰਘ ਇਸ ਬਾਰੇ ਦਸਦੇ ਹਨ ਕਿ ਇਸ ਸਮੇਂ ਦੀ ਸਿਖਾਂ ਦੀ ਭਰਤੀ ਨੇ ਬਹੁਤ ਵੱਡੀ ਗਿਣਤੀ ਵਿਚ ਸਿਖ ਜਨਰਲ ਅਤੇ ਉਚ ਅਧਿਕਾਰੀ ਕੌਮ ਨੂੰ ਦਿੱਤੇ।
ਕੀ ਆਸ ਕੀਤੀ ਜਾਏ ਕਿ ਦੇਸ਼ ਅਤੇ ਕੌਮ ਮਾਸਟਰ ਤਾਰਾ ਸਿੰਘ ਪ੍ਰਤੀ ਜਾਣ ਬੁਝ ਕੇ ਪਾਏ ਭਰਮ ਭੁਲੇਖਿਆਂ ਨੂੰ ਦੂਰ ਕਰੇਗੀ ਅਤੇ ਪੰਥ ਦੇ ਇਸ ਮਹਾਨ ਜਰਨੈਲ ਦੀ ਦੇਣ ਨੂੰ ਯਾਦ ਰਖੇਗੀ?
੨੪ ਜੂਨ, ੨੦੨੫
ਗੁਰਚਰਨਜੀਤ ਸਿੰਘ ਲਾਂਬਾ,
ਨਿਉ ਜਰਸੀ. ਯੂ.ਐਸ.ਏ
Posted By:
5aab.media
Leave a Reply