ਪੰਥ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਪੰਜਆਬ ਮੈਗਜ਼ੀਨ, ਅਖ਼ਬਾਰ ਅਤੇ ਵੈੱਬਸਾਈਟ ਜਾਰੀ
- ਜਰਮਨੀ
- 16 May,2025
ਅੰਮ੍ਰਿਤਸਰ, 15 ਮਈ ( ): ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੇ ਹਾਲ ਗੇਟ ਨੇੜੇ ਪੰਥ ਅਤੇ ਪੰਜਾਬ ਦੇ ਮੁੱਦਿਆਂ ਬਾਬਤ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਪੰਜਆਬ ਮੈਗਜ਼ੀਨ ਦੇ ਮੁੱਖ ਸੰਪਾਦਕ ਭਾਈ ਮਨਜੀਤ ਸਿੰਘ ਭੋਗਲ ਜਰਮਨੀ, ਖ਼ਾਲਸਾ ਫ਼ਤਹਿਨਾਮਾ ਦੇ ਮੁੱਖ ਸੰਪਾਦਕ ਸ. ਰਣਜੀਤ ਸਿੰਘ, ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਸੰਚਾਲਕ ਬੀਬੀ ਰਸ਼ਪਿੰਦਰ ਕੌਰ ਗਿੱਲ, ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਵਿਚਾਰ ਪ੍ਰਗਟਾਏ। ਇਸ ਮੌਕੇ ਇਹਨਾਂ ਆਗੂਆਂ ਵੱਲੋਂ ਪੰਜਆਬ ਮੈਗਜ਼ੀਨ, ਪੰਜਆਬ ਅਖ਼ਬਾਰ, ਪੰਜਆਬ ਵੈੱਬਸਾਈਟ ਅਤੇ ਪੰਜਆਬ ਐਪ ਵੀ ਜਾਰੀ ਕੀਤੀ ਗਈ। ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਪੰਜਆਬ ਮੈਗਜ਼ੀਨ ਅਤੇ ਅਖ਼ਬਾਰ ਦੇ ਮੁੱਖ ਸੰਪਾਦਕ ਭਾਈ ਮਨਜੀਤ ਸਿੰਘ ਭੋਗਲ ਜਰਮਨੀ ਨੇ ਕਿਹਾ ਕਿ ਪੰਥ ਅਤੇ ਪੰਜਾਬ ਦੀ ਅਜੋਕੀ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਲਈ ਜਰਮਨ ਤੋਂ ਇਹ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਅਸੀਂ ਆਪਣੀ ਲੋਕਾਈ ਤੱਕ ਸਹੀ ਜਾਣਕਾਰੀ ਪਹੁੰਚਾ ਸਕੀਏ ਅਤੇ ਪੰਜਾਬ ਵਿਰੋਧੀ ਸਰਕਾਰੀ ਬਿਰਤਾਂਤ ਨੂੰ ਤੋੜ ਸਕੀਏ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਹੋਏ ਵੀ ਅਸੀਂ ਪੰਥ ਅਤੇ ਪੰਜਾਬ ਪ੍ਰਤੀ ਚਿੰਤਤ ਰਹਿੰਦੇ ਹਾਂ ਅਤੇ ਪੰਜਾਬ ਦਾ ਸੁਨਹਿਰੀ ਭਵਿੱਖ ਵੇਖਣਾ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਪੰਜਆਬ ਮੈਗਜ਼ੀਨ ਨੂੰ ਅਸੀਂ ਹਰ ਘਰ ਅਤੇ ਪਿੰਡ ਵਿੱਚ ਪਹੁੰਚਾਉਣ ਲਈ ਯਤਨਸ਼ੀਲ ਹਾਂ ਜਿਸ ਵਿੱਚ ਖ਼ਾਸ ਕਰਕੇ ਸਿੱਖ ਸੰਘਰਸ਼, ਪੰਥ ਅਤੇ ਪੰਜਾਬ ਦੇ ਮੁੱਦੇ ਅਤੇ ਸਿੱਖ ਇਤਿਹਾਸ ਬਾਰੇ ਸੰਬੰਧਤ ਲੇਖ ਹੁੰਦੇ ਹਨ ਅਤੇ ਅਖ਼ਬਾਰ ਤੇ ਵੈੱਬਸਾਈਟ ਉੱਤੇ ਸੰਗਤਾਂ ਆਨਲਾਈਨ ਖ਼ਬਰਾਂ ਪੜ੍ਹ ਸਕਦੀਆਂ ਹਨ। ਉਹਨਾਂ ਕਿਹਾ ਕਿ ਇਸ ਕਾਰਜ ਵਿੱਚ ਪੰਜਆਬ ਮੈਗਜ਼ੀਨ ਦੇ ਸਹਿ ਸੰਪਾਦਕ ਅਤੇ ਨਾਮਵਰ ਲੇਖਕ ਡਾ. ਸੁਰਜੀਤ ਸਿੰਘ ਜਰਮਨੀ ਅਹਿਮ ਭੂਮਿਕਾ ਨਿਭਾ ਰਹੇ ਹਨ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸੰਨ 2005 ਤੋਂ ਚੱਲ ਰਿਹਾ ਪੰਥਕ ਮੈਗਜ਼ੀਨ ਖ਼ਾਲਸਾ ਫ਼ਤਹਿਨਾਮਾ ਜੋ ਭਾਰਤੀ ਹਕੂਮਤ, ਮੋਦੀ ਸਰਕਾਰ ਅਤੇ ਫ਼ਿਰਕੂ ਹਿੰਦੂਤਵੀਆਂ ਵੱਲੋਂ ਸਰਕਾਰੀ ਚਾਲਾਂ ਚੱਲ ਕੇ ਪਿਛਲੇ ਸਾਲ ਸੰਨ 2024 'ਚ ਬੰਦ ਕਰਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਈ ਮਨਜੀਤ ਸਿੰਘ ਭੋਗਲ ਜਰਮਨੀ ਤੇ ਡਾਕਟਰ ਸੁਰਜੀਤ ਸਿੰਘ ਜਰਮਨੀ ਨੇ ਵਿਸ਼ੇਸ਼ ਉਪਰਾਲਾ ਕਰਦਿਆਂ ਪੰਜਆਬ ਮੈਗਜ਼ੀਨ ਨੂੰ ਸੰਗਤਾਂ ਵਿੱਚ ਪੇਸ਼ ਕੀਤਾ ਹੈ ਜੋ ਹਰ ਮਹੀਨੇ ਨਿਸ਼ਕਾਮ ਹੀ ਸੰਗਤਾਂ ਵਿੱਚ ਵੰਡਿਆ ਜਾਂਦਾ ਹੈ। ਪੰਜਆਬ ਰਸਾਲਾ ਪੰਥ ਅਤੇ ਪੰਜਾਬ ਦੀ ਆਵਾਜ਼ ਬਣੇਗਾ ਤੇ ਪੰਜਾਬ ਦੇ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰੇਗਾ। ਖ਼ਾਲਸਾ ਫ਼ਤਹਿਨਾਮਾ ਦੇ ਮੁੱਖ ਸੰਪਾਦਕ ਸ. ਰਣਜੀਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਵਰਤਣ ਵਾਲੇ ਨੌਜਵਾਨਾਂ ਨੂੰ ਵੀ ਗੁਰਬਾਣੀ ਦੀਆਂ ਪੋਥੀਆਂ, ਇਤਿਹਾਸ ਦੀਆਂ ਕਿਤਾਬਾਂ ਅਤੇ ਪੰਥਕ ਰਸਾਲਿਆਂ ਤੋਂ ਦੂਰ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਵਿੱਚ ਪੜ੍ਹਨ ਦੀ ਚੇਟਕ ਜ਼ਰੂਰੀ ਹੋਣੀ ਚਾਹੀਦੀ ਹੈ। ਪੀਂਘਾਂ ਸੋਚ ਦੀਆਂ ਮੈਗਜ਼ੀਨ ਦੇ ਸੰਪਾਦਕ ਬੀਬੀ ਰਸ਼ਪਿੰਦਰ ਕੌਰ ਗਿੱਲ ਨੇ ਕਿਹਾ ਕਿ ਪੰਜਆਬ ਰਸਾਲਾ ਅਤੇ ਪੰਜਾਬ ਅਖ਼ਬਾਰ ਨਾਲ ਲੇਖਕਾਂ ਤੇ ਪੱਤਰਕਾਰਾਂ ਨੂੰ ਇੱਕ ਹੋਰ ਮੰਚ ਮਿਲੇਗਾ। ਫੈਡਰੇਸ਼ਨ ਦੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਅਸੀਂ ਆਪਣੀ ਅਸੀਂ ਆਪਣੇ ਲੋਕਾਂ ਨੂੰ ਪੰਥ ਅਤੇ ਪੰਜਾਬ ਦੇ ਹੱਕਾਂ ਅਤੇ ਆਜ਼ਾਦੀ ਲਈ ਜਾਗਰੂਕ ਕਰਦੇ ਰਹਾਂਗੇ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਪੀਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਭਾਈ ਮਨਜੀਤ ਸਿੰਘ ਭੋਗਲ ਜਰਮਨੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
Posted By:
5aab.media
Leave a Reply