ਤਿਲਕ ਜੰਞੂ ਰਾਖਾ ਪ੍ਰਭੁ ਤਾ ਕਾ।।

ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਵਲੋਂ ਤਿਲਕ ਅਤੇ ਜੰਞੂ ਦੀ ਖਾਤਰ ਹੋਈ ਸ਼ਹਾਦਤ ਮਾਨਵਤਾ ਦੇ ਇਤਿਹਾਸ ਦੀ ਐਸੀ ਅਦੁੱਤੀ ਘਟਨਾ ਹੋ ਜੋ ਨਾ ਪਹਿਲਾਂ ਕਦੇ ਹੋਈ ਹੈ ਅਤੇ ਨਾ ਹੀ ਹੋ ਸਕੇਗੀ।
 

ਰਾਜ ਔਰੰਗਜ਼ੇਬ ਦਾ। ਐਸਾ ਕ੍ਰੂਰ ਬਾਦਸ਼ਾਹ। ਜਿਸਨੇ ਦੁਨੀ ਦੀ ਖਾਤਰ ਦੀਨ ਗਵਾ ਲਿਆ। ਜਿਸਨੂੰ ਨਾ ਲੋਕ ਲਾਜ, ਨਾ ਬਾਪ ਤੇ ਤਰਸ, ਨਾ ਭਰਾਵਾਂ ਤੇ ਦਯਾ। ਐਸੇ ਗਰੂਰ ਅਤੇ ਹੰਕਾਰ ਵਿਚ ਵਿਚ ਭਰੇ ਵਕਤੀ ਬਾਦਸ਼ਾਹ ਦੇ ਸਿਰ ਤੇ ਆਪਣੇ ਸਰੀਰ ਦਾ ਠੀਕਰਾ ਭੰਨ ਦੇਣਾ। ਤਾਂਹੀਉ ਤਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸਦੀ ਸਨਦ ਦਰਜ ਕਰ ਦਿੱਤੀ,
 

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥

ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਯਾ ਪਰੁ ਸੀ ਨ ਉਚਰੀ ॥੧੩॥
 

ਕਲ਼ਗੀਧਰ ਪਿਤਾ ਵਲੋਂ ਦਰਜ ਕੀਤੀ ਗਈ ਇਹ ਗਵਾਈ ਬਹੁਤ ਹੀ ਮਹੱਤਵ ਪੂਰਨ ਹੈ। ਇਸ ਗਵਾਹੀ ਨੂੰ ਇਕ ਵਾਰ ਫਿਰ ਮਿਟਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਚੇਤ ਹੋਣ ਦੀ ਲੋੜ ਹੈ। 
 

ਗੁਰੂ ਤੇਗ ਬਾਹਦੁਰ ਜੀ ਦੀ ਸ਼ਹਾਦਤ ਉਸ ਤਿਲਕ ਜੰਞੂ ਨੂੰ ਬਚਾਉਣ ਦੀ ਖਾਤਰ ਹੋਈ ਜਿਸਨੂੰ ਪਹਿਲੇ ਜਾਮੇ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਪ੍ਰਵਾਨ ਕਰ ਚੁਕੇ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦ੍ਵਿਜ ਜਨਮ ਕਰਾਉਣ ਲਈ ਜਦੋ ਪੰਡਤ ਹਰੀ ਦਿਆਲ ਜੀ ਯਗ੍ਯੋਪਵੀਤ ਕਰਾਉਣ ਲੱਗੇ ਤਾਂ ਸਤਿਗੁਰੂ ਜੀ ਨੇ ਦ੍ਰਿੜਤਾ ਨਾਲ ਇਸ ਧਾਗੇ ਦੇ ਬੰਧਨ ਵਿਚ ਬੰਨੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਮੌਹਨ ਸਿੰਘ ਨੇ ਨਾਨਕਾਇਣ ਵਿਚ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ,
 

ਪਿਆਰ ਨਾਲ ਸਮਝਾਇਆ ਮੁੜ ਮੁੜ ਹਰੀ ਦਿਆਲ

ਤੇ ਪਿਉ ਨੇ ਧਮਕਾਇਆ ਕਢ ਕੇ ਅੱਖਾਂ ਲਾਲ।

ਪਰ ਬਾਬਾ ਨਾ ਡੋਲਿਆ ਕਾਇਮ ਰਖਿਆ ਚਿੱਤ

ਇਹ ਸੀ ਜੀਵਨ ਘੋਲ ਵਿਚ ਉਸਦੀ ਪਹਿਲੀ ਜਿੱਤ।
 

ਔਰੰਗਜ਼ੇਬ ਆਪਣੇ ਦੇਸ਼ ਦੀ ਸੀਮਾ ਅੰਦਰ ਕੇਵਲ ਇਕ ਧਰਮ ਸਥਾਪਤ ਕਰਕੇ ਆਪਣੇ ਢੰਗ ਦੀ ‘ਕੌਮੀ ਏਕਤਾ’ ਕਾਇਮ ਕਰਨਾ ਲੋਚਦਾ ਸੀ। ਇਹ ਵਿਕ੍ਰਿਤ ਰਾਸ਼ਟਰ ਵਾਦ ਜਦੋਂ ਜਨੂੰਨ ਦੀ ਹੱਦ ਤਕ ਪਹੁੰਚ ਜਾਏ ਤਾਂ ਫਿਰ ਇਹ ‘ਰਾਸ਼ਟਰ ਬਾਦ’ ਬਣ ਜਾਂਦਾ ਹੈ। ਇਸ ਬਾਰੇ ਕਾਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ ਨੇ ਅੰਕਤ ਕੀਤਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਰਾਸ਼ਟਰੀ ਏਕਤਾ ਹੋ ਜਾਣੀ ਸੀ।
 

ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ 

ਫੈਲਤੀ ਕੁਚੀਲਤਾ ਕਤੇਬਨ ਕੁਰਾਨ ਕੀ

ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ

ਪਾਪ ਹੀ ਪ੍ਰਪੱਕ ਜਾਤੇ ਧਰਮ ਧਸੱਕ ਜਾਤੇ 

ਬਰਨ ਗਰੱਕ ਜਾਤੇ, ਸਹਿਜ ਬਿਧਾਨ ਕੀ

ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾਂ ਦੂਰ ਹੋਤੇ

ਮੂਰਤ ਨਾ ਹੋਤੀ ਜੋ ਪੈ ਕਰੁਨਾ ਨਿਧਾਨ ਕੀ
 

ਗੁਰਮਤਿ ਤਾਂ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।। ਨੂੰ ਪ੍ਰਣਾਈ ਹੋਈ ਹੈ। ਇਸ ਵਿਕ੍ਰਤੀ ਨੂੰ ਦੂਰ ਕਰਨ ਲਈ ਕਹੁ ਨਾਨਕ ਜਉ ਪਿਤਾ ਪਤੀਨੇ।। ਪਿਤਾ ਪੂਤ ਏਕੈ ਰਿੰਗਿ ਲੀਨੇ।।੪।।੯।।੨੨।। (ਮ:੫ ੧੧੪੧) ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਲ ਗੋਬਿੰਦ ਰਾਇ ਜੀ ਨੇ ਮਤਾ ਪਕਾਇਆ ਅਤੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦਾਨ ਦੇ ਦਿੱਤਾ। ਇਸ ਤੋਂ ‘ਸੀਸ ਗੰਜ’ ਸਥਾਪਤ ਹੋਇਆ। ਜਿੱਥੇ ਗੁਰੂ ਜੀ ਦਾ ਸੀਸ ਲੱਗਾ ਉਹ ‘ਸੀਸ ਗੰਜ’ ਬਣਿਆ। ਇਸ ਸੀਸ ਗੰਜ ਤੋਂ ਅਣਗਿਣਤ ‘ਸ਼ਹੀਦ ਗੰਜ’ ਉਪਜੇ ਜਿੱਥੇ ਸਿੱਖਾਂ ਦੇ ਸਿਰ ਲੱਗੇ। ਸੀਸ ਗੰਜ ਇਕ ਬੀਜ ਹੈ ਸ਼ਹੀਦ ਗੰਜ ਇਸ ਦੀ ਫਸਲ। ਰਕਤ ਬੀਜ ਤਾਂ ਪੌਰਾਣਿਕ ਚਰਿਤ੍ਰ ਸੁਣਿਆ ਸੀ ਪਰ ਇੱਥੇ ਤਾਂ ਪ੍ਰਤਖ ਸ਼ਹਾਦਤਾਂ ਦੇ ਪਰਵਾਨੇ ਆਏ। ਧਾਰਮਿਕ ਆਜ਼ਾਦੀ ਅਤੇ ਮਨੁੱਖੀ ਹਕੂਕ ਲਈ ਕੁਰਬਾਨੀ ਕਰਕੇ ਪਾਏ ਪੂਰਨੇ ਮਾਨਵਤਾ ਲਈ ਅਤੇ ਵਿਸ਼ੇਸ਼ ਕਰ ਕੇ ਸਿੱਖ ਕੌਮ ਲਈ ਇਕ ਚਾਨਣ ਮੁਨਾਰਾ ਅਤੇ ਪ੍ਰੇਰਨਾ ਸ੍ਰੋਤ ਬਣੇ। 
 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਭਉ ਨਿਰਵੈਰ ਦਾ ਸਬਕ ਯਾਦ ਕਰਾਇਆ। ਇਸ ਵਿਚ ਨਿਰਭਉ ਅਤੇ ਨਿਰਵੈਰ ਇਕੋ ਸਮੇਂ ਹੋਣਾ ਸੀ। ਪਰ ਵੇਖਣ ਵਿਚ ਆਇਆ ਕਿ ਦੁਨੀਆ ਨੇ ਇਸ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ। ਜਿਹੜੇ ਜਾਬਰ ਅਤੇ ਜ਼ਾਲਮ ਸਨ ਉਹ ਆਪਣੇ ਆਪ ਨੂੰ ਨਿਰਭਉ ਕਹਿ ਕੇ ਆਪਣੀ ਪਿੱਠ ਥਾਪੜਦੇ ਸਨ ਕਿ ਅਸੀਂ ਕਿਸੇ ਕੋਲੋਂ ਵੀ ਨਹੀਂ ਡਰਦੇ। ਇਸ ਦੇ ਮੁਕਾਬਲੇ ਜਿਹੜੇ ਨਿਤਾਣੇ, ਮਾੜੇ, ਮਜ਼ਲੂਮ ਸ਼ਖਸ ਜ਼ਾਲਮ ਦੇ ਸਾਹਮਣੇ ਖੜੇ ਨਹੀਂ ਸਨ ਹੋ ਸਕਦੇ ਉਹ ਆਪਣੇ ਆਪ ਨੂੰ ਨਿਰਵੈਰ ਕਹਾ ਕੇ ਤਸੱਲੀ ਕਰਦੇ ਸਨ ਕਿ ਸਾਡੀ ਤਾਂ ਕਿਸੇ ਨਾਲ ਵੀ ਦੁਸ਼ਮਣੀ ਹੀ ਨਹੀਂ। 
 

ਇਸ ਦਾ ਜਵਾਬ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਦਿੱਤਾ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥(ਮ: ੯ ੧੪੨੭) । ਨਾ ਤਾਂ ਕਿਸੇ ਨੂੰ ਭੈਅ ਭੀਤ ਹੀ ਕਰਨਾ ਹੈ ਅਤੇ ਨਾ ਹੀ ਕਿਸੇ ਦਾ ਡਰ ਮੰਨਣਾ ਹੈ। ਇਹੀ ਗੁਣ ਤਾਂ ਅਕਾਲ ਪੁਰਖ ਦਾ ਹੈ। ਇਸ ਤੇ ਅਮਲੀ ਰੂਪ ਵਿਚ ਪਹਿਰਾ ਦਿੰਦਿਆਂ ਸਾਹਿਬ ਸ੍ਰੀ ਗੁਰੂ ਤੇਗ ਬਾਹਦੁਰ ਜੀ ਨੇ ਕੁਰਬਾਨੀ ਦਿੱਤੀ। ਸਤਿਗੁਰੂ ਜੀ ਦੀ ਸ਼ਹਾਦਤ ਦਾ ਇਕ ਹੋਰ ਅਨੋਖਾ ਪੱਖ ਹੈ ਕਿ ਆਪ ਜੀ ਦੇ ਦਾਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸ਼ਹੀਦ, ਆਪ ਜੀ ਦੇ ਮਹਿਲ ਮਾਤਾ ਗੁਜਰੀ ਜੀ ਵੀ ਸ਼ਹੀਦ, ਆਪ ਜੀ ਦੇ ਚਾਰੋ ਪੋਤਰੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹ ਸਿੰਘ ਵੀ ਸ਼ਹੀਦ। 
 

ਹੁਣ ਇਸ ਦਾ ਅਗਲਾ ਪੜਾਅ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕੰਮਲ ਕੀਤਾ ਕਿ ਜਦੋਂ ਸਾਰੇ ਹੀਲੇ ਵਰਤ ਕੇ ਸਾਰੇ ਉਪਾਅ ਖ਼ਤਮ ਹੋ ਜਾਣ ਤਾਂ ਸ੍ਰੀ ਸਾਹਿਬ ਹੱਥ ਵਿਚ ਲੈਣੀ ਜਾਇਜ਼ ਹੈ।
 

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।।

ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ।।੨੨।। 
 

ਮਾਨਵੀ ਭਾਵਨਾਵਾਂ ਅਤੇ ਕਦਰਾਂ ਕੀਮਤਾ ਲਈ ਸਤਿਗੁਰੂ ਜੀ ਦਾ ਮਨ ਕਿਤਨਾ ਕੋਮਲ ਸੀ ਉਸ ਦਾ ਇਕ ਉਦਾਹਰਣ ਹੈ ਕਿ ਸਤਿਗੁਰੂ ਜੀ ਨੇ ਪਟਨਾ ਸਾਹਿਬ ਤੋਂ ਬਨਾਰਸ ਦੀ ਸੰਗਤ ਨੂੰ ਇਕ ਹੁਕਮਨਾਮਾ ਉਚੇਚੇ ਤੌਰ ਤੇ ਭੇਜਿਆ। ਉਸ ਵਿਚ ਲਿਖਿਆ ਸੀ,
 

ਭਾਈ ਜਵੇਹਰੀ ਸਰਬਤਿ ਸੰਗਤਿ ਗੁਰੂ ਰਖੈਗਾ। ਸਿਰੀਧਰ ਕੀ ਸੰਗਤਿ ਸੇਵਾ ਕਰਣੀ ਅਲੂਫਾ ਸਿਰੀਧਰ
ਨੋ ਦੇਣਾ ਸਿਰੀਧਰ ਜਿਤ ਵੇਲਾ ਚੰਗਾ ਹੋਵੇਗਾ ਤਾ ਪਟਣੇ ਪਹੁਚਾਇ ਦੇਣਾ ਸੰਗਤਿ ਕਾ ਭਲਾ ਹੋਗੁ।
 

ਸਿਰੀਧਰ ਸਤਿਗੁਰੂ ਜੀ ਦੇ ਘੋੜੇ ਦਾ ਨਾਮ ਸੀ ਜੋ ਬਨਾਰਸ ਵਿਚ ਬਿਮਾਰ ਹੋ ਗਿਆ। ਉਸ ਲਈ ਹਜ਼ੂਰ ਨੇ ਇਹ ਹੁਕਮਨਾਮਾ ਭਿਜਵਾਇਆ। ਇਸੇ ਤਰ੍ਹਾਂ ਇਕ ਹੋਰ ਹਵਾਲਾ ਹੈ ਕਿ ਸਤਿਗੁਰੂ ਜੀ ਦ੍ਰਿੜਤਾ ਦੇ ਬਾਵਜੂਦ ਬਾਵਜੂਦ ਕੋਮਲਤਾ ਦੇ ਵੀ ਅਸੀਮ ਪੁੰਜ ਸਨ। ਆਪ ਜੀ ਜਦੋਂ ਧਮਧਾਨ ਪਹੁੰਚੇ ਤਾਂ ਇਕ ਜੱਟ ਦੁੱਧ ਲੈ ਕੇ ਆਇਆ।
 

ਕਹ੍ਯੋ ਦੇਖਿ ਕਰਿ ਦੁਗਧ ਜੁ ਆਨਾ। ‘ਇਹੁ ਜਾਨੋ ਹੈ ਸ਼੍ਰੋਣ ਸਮਾਨਾ।

ਨਹੀਂ ਪਾਨ ਕੇ ਉਚਿਤ ਹਮਾਰੇ। ਲੇ ਗਮਨੋ ਨਿਜ ਸਦਨ ਮਝਾਰੇ’।।੪੧।। (ਸੂਰਜ ਪ੍ਰਰਾਸ਼ ਰਾਸਿ ੧੧ ਅੰਸੂ ੪੧)
 

ਸਤਿਗੁਰੂ ਜੇ ਨੇ ਦੁੱਧ ਵਲ ਵੇਖ ਕੇ ਕਿਹਾ ਕਿ ਤਾਂ ਲਹੂ ਸਮਾਨ ਹੈ। ਇਹ ਮੇਰੇ ਪੀਣ ਲਾਇਕ ਨਹੀਂ ਹੈ। ਉਸ ਨੂੰ ਸਤਿਗੁਰੂ ਜੀ ਨੇ ਕਿਹਾ ਕਿ ਸਹੀ ਸਹੀ ਦੱਸ ਕਿ ਇਹ ਮਾਜਰਾ ਕੀ ਹੈ। ਉਸ ਜੱਟ ਨੇ ਕਿਹਾ ਜੀ ਮੇਰੀ ਮੱਝ ਦਾ ਬੱਚਾ ਮਰ ਗਿਆ ਹੈ। ਉਹ ਦੁੱਧ ਚੋਣ ਲਈ ਬੈਠਣ ਨਹੀਂ ਦਿੰਦੀ। ਉਸ ਦੀ ਪੂਛ ਮਰੋੜ ਕੇ ਪਿਸ਼ਾਬ ਵਾਲੀ ਜਗ੍ਹਾ ਵਿਚ ਵਾੜਨ ਨਾਲ ਇਹ ਦੱਧ ਦਿੰਦੀ ਹੈ। ਸਤਿਗੁਰੂ ਜੀ ਨੇ ਇਸ ਨੂੰ ਪਸ਼ੂਆਂ ਤੇ ਜ਼ੁਲਮ ਕਰਾਰ ਦੇ ਕੇ ਦੁੱਧ ਗ੍ਰਹਿਣ ਕਰਨ ਤੋਂ ਇਨਕਾਰ ਕਰ ਦਿੱਤਾ।
 

ਬੈਠਨਿ ਦੇਤਿ ਨਹੀਂ ਸੋ ਤਰੇ। ਮੂੜੀ ਦੀਨਿ ਗੋਡਬੋ ਕਰੇ।

ਤਬਿ ਤਿਸ ਨੇ ਤਰ ਦੁਗਧ ਉਤਾਰ। ਦੁਹਿ ਆਨ੍ਯੋ ਮੈਂ ਤਬਿ ਹੀ ਸਾਰਾ।।੪੪।।

(ਸੂਰਜ ਪ੍ਰਰਾਸ਼ ਰਾਸਿ ੧੧ ਅੰਸੂ ੪੧)
 

ਹੁਣ ਤਾਂ ਬਹੁਤੀ ਥਾਈਂ ਦੁੱਧ ਇਸੇ ਤਰ੍ਹਾਂ ਚੋਇਆ ਜਾਂਦਾ ਹੈ। ਸਤਿਗੁਰੂ ਜੀ ਨੇ ਇਸ ਨੂੰ ਅਪ੍ਰਵਾਨ ਕੀਤਾ। ਪਰ ਕਦੀ ਅਸੀਂ ਇਸ ਬਾਰੇ ਸੋਚਿਆ ਹੀ ਨਹੀਂ। 
 

ਤਿਲਕ ਅਤੇ ਜੰਞੂ ਦੀ ਖ਼ਾਤਰ ਇਹ ਸ਼ਹਾਦਤ ੧੬੭੫ ਈਸਵੀ ਵਿਚ ਹੋਈ। ਇਸ ਘਟਨਾ ਤੋਂ ੨੭੩ ਸਾਲ ਬਾਅਦ ੧੦ ਦਿਸੰਬਰ, ੧੯੪੮ ਨੂੰ ਯੁਨਾਇਟਡ ਨੇਸ਼ਨਸ ਨੇ ਯੂਨੀਵਰਸਲ ਡਿਕਲੇਰੇਸ਼ਨ ਆਫ਼ ਹਿਊਮਨ ਰਾਈਟਸ ਅਪਣਾਇਆ। ਇਸ ਐਲਾਨਨਾਮੇ ਤੇ ੪੮ ਮੁਲਕਾਂ ਨੇ ਦਸਖਤ ਕੀਤੇ । ਭਾਰਤ ਵੀ ਇਸ ਵਿਚ ਸ਼ਾਮਲ ਸੀ। ਇਸ ਡਿਕਲੇਰੇਸ਼ਨ ਦੀ ਦੀਆਂ ਤੀਹ ਮੱਦਾਂ ਸਨ ਪਰ ਇਸਦੀਆਂ ਆਰਟੀਕਲ (ਮੱਦ) ੧ ਅਤੇ ੧੮. ਬਹੁਤ ਹੀ ਮਹੱਤਵ ਪੂਰਨ ਹੈ। ਇਹਨਾਂ ਮੁਤਾਬਕ ਹਰ ਮਨੁੱਖ ਨੂੰ ਧਾਰਮਿਕ ਅਤੇ ਰਾਜਨੀਤਕ ਆਜ਼ਾਦੀ ਹੈ ਅਤੇ ਉਸ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦਾ ਬੁਨਿਆਦੀ ਹੱਕ ਹਾਸਲ ਹੈ।
 

ਸਾਹਿਬ ਗੁਰੂ ਤੇਗ ਬਾਹਦੁਰ ਜੀ ਨੇ ਧਾਰਮਿਕ ਆਜ਼ਾਦੀ ਅਤੇ ਮਨੁੱਖ ਮਾਤਰ ਦੀ ਗੌਰਵ ਮਈ ਜੀਵਨ ਜਾਚ ਲਈ ਕੁਰਬਾਨੀ ਦਿੱਤੀ। ਸਤਿਗੁਰੂ ਜੀ ਨੇ ਦੂਸਰੇ ਦੇ ਧਰਮ ਦੀ ਖਾਤਰ ਸ਼ਹਾਦਤ ਦਿੱਤੀ। ਪਰ ਅੱਜ ਇਸ ਸਿਧਾਂਤ ਨੂੰ ਮੁੜ ਦ੍ਰਿੜ ਕਰਾਉਣ ਅਤੇ ਅਮਲ ਵਿਚ ਲਿਆਣ ਦੀ ਲੋੜ ਪਹਿਲੇ ਨਾਲੋ ਵੱਧ ਹੈ। ਕਿਸੇ ਦੇਸ਼ ਦੀ ਖੁਸ਼ਹਾਲੀ ਦਾ ਪੈਮਾਨੀ ਉੱਥੋਂ ਦੀਆਂ ਘਟ ਗਿਣਤੀਆਂ ਦੇ ਧਰਮ ਅਤੇ ਅਕੀਦੇ ਦੀ ਸੁਰਖਿਆ ਦੀ ਭਾਵਨਾ ਨਾਲ ਨਿਰਧਾਰਤ ਹੁੰਦਾ ਹੈ।
 

ਕਲਗੀਧਰ ਪਿਤਾ ਨੇ ਵਾਰ ਸ੍ਰੀ ਭਗਉਤੀ ਜੀ ਕੀ ਉਚਾਰਦੇ ਹੋਏ ਇਕ ਬਚਨ ਕੀਤੇ ਹਨ ਅਤੇ ਅਸੀਸ ਦਿੱਤੀ ਹੈ, ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ॥ ਸਭ ਥਾਈ ਹੋਇ ਸਹਾਇ ॥੧॥ ਇਸ ਤੇ ਸਿਦਕ ਸਬੂਰੀ ਨਾਲ ਭਰੋਸਾ ਕਰੀਏ। ਧਰਮ ਕਾ ਜੈਕਾਰ ਹੋਏਗਾ।
 

ਗੁਰਚਰਨਜੀਤ ਸਿੰਘ ਲਾਂਬਾ
[email protected]
www.patshahi10.org
www.santsipahi.org


Posted By: 5aab.media